ਚੰਡੀਗੜ੍ਹ:04 July 2026 AJ DI Awaaj
Chandigarh Desk : ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸੁਰੱਖਿਆ ਅਤੇ ਭਲਾਈ ਲਈ ਚਲਾਈ ਜਾ ਰਹੀ Elderline 14567 ਹੈਲਪਲਾਈਨ ਸੂਬੇ ਦੇ ਸੀਨੀਅਰ ਸਿਟੀਜ਼ਨਾਂ ਲਈ ਵੱਡਾ ਸਹਾਰਾ ਬਣ ਕੇ ਉਭਰੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਹੈਲਪਲਾਈਨ ਰਾਹੀਂ ਹੁਣ ਤੱਕ 2.5 ਲੱਖ ਤੋਂ ਵੱਧ ਕਾਲਾਂ ਦਾ ਸਫਲ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ Elderline 14567 ਦੀ ਮਦਦ ਨਾਲ 91 ਬੇਸਹਾਰਾ ਬਜ਼ੁਰਗਾਂ ਨੂੰ ਰੈਸਕਿਊ ਕਰਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਨਾਲ ਦੁਰਵਿਵਹਾਰ ਅਤੇ ਗੁਜ਼ਾਰਾ ਭੱਤੇ ਨਾਲ ਜੁੜੇ 1,000 ਤੋਂ ਵੱਧ ਮਾਮਲਿਆਂ ਦਾ ਵੀ ਹੱਲ ਕਰਵਾਇਆ ਗਿਆ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਸਮਾਜ ਦੀ ਅਨਮੋਲ ਧਰੋਹਰ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ, ਸਨਮਾਨਪੂਰਵਕ ਅਤੇ ਸਵੈ-ਸਮਮਾਨ ਨਾਲ ਜੀਵਨ ਜਿਉਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ Elderline 14567 ਸਿਰਫ਼ ਇੱਕ ਹੈਲਪਲਾਈਨ ਨਹੀਂ, ਸਗੋਂ ਲੋੜ ਦੇ ਸਮੇਂ ਬਜ਼ੁਰਗਾਂ ਲਈ ਭਰੋਸੇ ਅਤੇ ਤੁਰੰਤ ਸਹਾਇਤਾ ਦਾ ਮਜ਼ਬੂਤ ਮਾਧਿਅਮ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਇਹ ਸੇਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, HelpAge India ਅਤੇ National Institute of Social Defence (NISD) ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਟੋਲ-ਫ੍ਰੀ ਹੈਲਪਲਾਈਨ ਹਫ਼ਤੇ ਦੇ ਸੱਤੋਂ ਦਿਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਉਪਲਬਧ ਰਹਿੰਦੀ ਹੈ।
ਹੈਲਪਲਾਈਨ ਰਾਹੀਂ ਬੁਢਾਪਾ ਪੈਨਸ਼ਨ, ਸਰਕਾਰੀ ਭਲਾਈ ਸਕੀਮਾਂ, ਕਾਨੂੰਨੀ ਸਹਾਇਤਾ, ਕੌਂਸਲਿੰਗ, ਬੇਘਰ ਬਜ਼ੁਰਗਾਂ ਦੇ ਬਚਾਅ ਅਤੇ ਮੁੜ-ਵਸੇਬੇ ਵਰਗੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਨਾਲ ਹੀ, ‘ਮਾਪਿਆਂ ਅਤੇ ਸੀਨੀਅਰ ਸਿਟੀਜ਼ਨਾਂ ਦੀ ਦੇਖਭਾਲ ਅਤੇ ਭਲਾਈ ਐਕਟ, 2007’ ਤਹਿਤ ਦੁਰਵਿਵਹਾਰ, ਅਣਗਹਿਲੀ ਅਤੇ ਗੁਜ਼ਾਰਾ ਭੱਤੇ ਨਾਲ ਜੁੜੇ ਮਾਮਲਿਆਂ ਵਿੱਚ ਵੀ ਮਦਦ ਦਿੱਤੀ ਜਾਂਦੀ ਹੈ।
ਮੰਤਰੀ ਨੇ ਸੂਬੇ ਦੇ ਸੀਨੀਅਰ ਸਿਟੀਜ਼ਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਲੋੜ ਪੈਣ ‘ਤੇ ਟੋਲ-ਫ੍ਰੀ ਨੰਬਰ 14567 ‘ਤੇ ਸੰਪਰਕ ਕਰਕੇ ਇਸ ਸੇਵਾ ਦਾ ਲਾਭ ਉਠਾਇਆ ਜਾਵੇ।














