ਡਿਪਟੀ ਕਮਿਸ਼ਨਰ ਨੇ 66 ਕੂਕਾ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਆਯੌਜਿਤ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਦੇ ਅਗੇਤੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

24

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਲੇਰਕੋਟਲਾ

  • ਕਿਹਾ, ਸਮੂਹ ਅਧਿਕਾਰੀ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ-

ਮਾਲੇਰਕੋਟਲਾ03 ਜਨਵਰੀ : Aj Di Awaaj

ਹਰ ਸਾਲ 17 ਜਨਵਰੀ ਨੂੰ ਦੇਸ਼ ਦੀ ਅਜ਼ਾਦੀ ਲਈ ਲੜੇ ਗਏ ਯੁੱਧ ਅਤੇ ਵਿਸ਼ਵ ਇਤਿਹਾਸ ਵਿੱਚ ਲਾਸਾਨੀ ਕੁਰਬਾਨੀ ਦੀ ਮਿਸਾਲ ਪੈਦਾ ਕਰਨ ਵਾਲੇ 66 ਸਿੱਖ ਕੂਕਾ ਸ਼ਹੀਦਾ ਦੀ ਯਾਦ ਵਿੱਚ ਸ਼ਰਧਾਂਜਲੀ ਭੇਟ ਕਰਨ ਲਈ ਸਥਾਨਕ ਨਾਮਧਾਰੀ ਸ਼ਹੀਦੀ ਸਮਾਰਕ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਮਾਗਮ ਦੇ ਅਗੇਤੇ ਪ੍ਰਬੰਧਾਂ ਦਾ ਜਾਇਜਾ ਲੈਦਿਆਂ ਸਮਾਗਮ ਦੀ ਮਹੱਤਤਾ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਸਮੂਹ ਅਧਿਕਾਰੀਆਂ ਨੂੰ ਆਪਣੀ ਡਿਊਟੀ ਸਮਰਪਣ ਭਾਵਨਾ ਨਾਲ ਨਿਭਾਉਣ ਲਈ ਕਿਹਾ । ਉਨ੍ਹਾਂ ਹੋਰ ਕਿਹਾ ਕਿ ਸਮਾਗਮ ਦੇ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਇਸ ਸ਼ਰਧਾਂਜਲੀ ਸਮਾਗਮ ਮੌਕੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਅਤੇ ਨਤਮਸਤਕ ਹੋਣ ਦੀ ਉਮੀਦ ਜਾਹਿਰ ਕਰਦਿਆਂ ਆਉਣ ਵਾਲੀ ਸੰਗਤ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਾਉਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਸਮੁੱਚੇ ਕਾਰਜ ਸਮਾਂਬੱਧ ਢੰਗ ਨਾਲ ਨੇਪਰੇ ਚੜ੍ਹਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ । ਉਨ੍ਹਾਂ ਕਾਰਜ ਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਨਾਮਧਾਰੀ ਸ਼ਹੀਦੀ ਸਮਾਰਕ ਦੇ ਆਲੇ ਦੁਆਲੇ ਦੀ ਸਾਫ ਸਫਾਈ,ਸੜਕ ਦੀ ਰਿਪੇਅਰ,ਸਟਰੀਟ ਲਾਈਟਾਂ ਦੀ ਰਿਪੇਅਰ ਆਦਿ ਨੂੰ ਯਕੀਨੀ ਬਣਾਇਆ ਜਾਵੇ ।

ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਂ ਰਹਿੰਦੇ ਸਮਾਰਕ ਦੀਆਂ ਪਹੁੰਚ ਸੜਕਾਂ (ਲੁਧਿਆਣਾ-ਮਾਲੇਰਕੋਟਲਾ,ਖੰਨਾ-ਮਾਲੇਰਕੋਟਲਾ,ਸੰਗਰੂਰ-ਧੁਰੀ-ਮਾਲੇਰਕੋਟਲਾ ਅਤੇ ਰਾਏਕੋਟ-ਮਾਲੇਰਕੋਟਲਾ ) ਉਪਰ ਜੋ ਸਮਾਰਕ ਸਬੰਧੀ ਬੋਰਡ ਲੱਗੇ ਹੋਏ ਹਨ,ਉਨ੍ਹਾਂ ਨੂੰ ਰੀਪੇਂਟ ਕਰਵਾਇਆ ਜਾਵੇ ਅਤੇ ਬੋਰਡਾਂ ਦੇ ਆਲੇ ਦੁਆਲੇ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬੋਰਡ ਅਸਾਨੀ ਨਾਲ ਦੂਰੋਂ ਹੀ ਪੜ੍ਹੇ ਜਾ ਸਕਣ ।ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਕੀਤਾ ਜਾਵੇ ।

ਉਨ੍ਹਾਂ ਸਰਧਾਲੂਆਂ ਦੀ ਸਹੂਲਤ ਲਈ ਪੀਣ ਯੋਗ ਪਾਣੀ,ਸਾਫ ਸੁਥਰੇ ਆਰਜੀ ਪਾਖਾਨੇ,ਮੈਡੀਕਲ ਟੀਮਾਂ ਆਦਿ ਦਾ ਪ੍ਰਬੰਧ  ਕਰਨ ਦੇ ਆਦੇਸ਼ ਵੀ ਦਿੱਤੇ । ਉਨ੍ਹਾਂ ਪੁਲਿਸ ਪ੍ਰਸਾਸ਼ਨ ਨੂੰ ਪੁਖੱਤਾ ਸੁਰੱਖਿਆ ਅਤੇ ਨਿਰਵਿਘਨ ਟਰੈਫਿਕ ਦਾ ਪ੍ਰਬੰਧ ਕਰਨ ਲਈ ਵੀ ਆਦੇਸ਼ ਦਿੱਤੇ ਤਾਂ ਜੋ ਕਿਸੇ ਸ਼ਰਧਾਲੂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ.ਮਾਲੇਰਕੋਟਲਾ ਹਰਬੰਸ ਸਿੰਘ,ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ, ਨਾਮਧਾਰੀ ਸ਼ਹੀਦੀ ਸਮਾਰਕ ਮਾਲੇਰਕੋਟਲਾ ਦੇ ਨੁਮਾਇੰਦੇ ਸ੍ਰੀ ਗੁਰਸੇਵਕ ਸਿੰਘ ਨਾਮਧਾਰੀ, ਸਹਾਇਕ ਸਿਵਲ ਸਰਜਨ ਡਾ ਸਜੀਲਾ ਖਾਨ, ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ,ਡੀ.ਐਸ.ਪੀ (ਐਚ) ਮਾਨਵਜੀਤ ਸਿੰਘ ਸਿੱਧੂ, ਬੀ.ਡੀ.ਪੀ.ਓ ਜਗਰਾਜ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।