ਮਹਿਲ ਕਲਾਂ ਦੇ ਦਫ਼ਤਰਾਂ ‘ਚ ਕੀਤੀ ਗਈ ਡੇਂਗੂ ਲਾਰਵਾ ਦੀ ਚੈਕਿੰਗ

38
ਮਹਿਲ ਕਲਾਂ, 22 ਮਈ 2026 AJ DI Awaaj
Punjab Desk :  ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਦੇ ਨਿਰਦੇਸ਼ਾਂ ਅਤੇ ਸੀਐਚਸੀ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ  ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਅੱਜ ਮਹਿਲ ਕਲਾਂ ਬਲਾਕ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ  ਡੇਂਗੂ ਬੁਖਾਰ ਤੋਂ ਬਚਾਅ ਲਈ ਟੀਮਾਂ ਵੱਲੋਂ ਡੇਂਗੂ ਲਾਰਵਾ ਦੀ ਚੈਕਿੰਗ ਕੀਤੀ ਗਈ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।
   ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ ਐਮ ਓ ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਡੇਂਗੂ ਬੁਖਾਰ ਦੇ ਕਾਰਨ, ਲੱਛਣ, ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਸਹਿਕਾਰੀ ਕਾਪਰੇਟਿਵ ਸੋਸਾਇਟੀ ਵਜੀਦਕੇ ਕਲਾਂ ਦੇ ਦਫ਼ਤਰ ਵਿਖੇ ਜਾਗਰੂਕਤਾ ਕੈਂਪ ਦੌਰਾਨ ਜਾਣਕਾਰੀ ਦਿੰਦੇ ਹੋਏ ਹੈਲਥ ਵਰਕਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੂੰਦਾ ਹੈ ਇਸ ਲਈ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟਰੇਆਂ ਆਦਿ ਨੂੰ ਹਫ਼ਤੇ ਵਿੱਚ ਇੱਕ ਵਾਰ ਖਾਲੀ ਕਰਕੇ ਜਰੂਰ ਸੁਕਾਉਣਾ ਚਾਹੀਦਾ ਹੈ।ਸ਼ਰੀਰ ਨੂੰ ਢੱਕ ਕੇ ਰੱਖਣ, ਸੌਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰਨ ਆਦਿ ਤਰੀਕੇ ਵਰਤ ਕੇ ਡੇਂਗੂ ਬੁਖਾਰ ਤੋਂ ਬਚਿਆ ਜਾ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਬਾਰੇ ਜਾਗਰੂਕਤਾ ਸਬੰਧੀ ਪੋਸਟਰ ਅਤੇ ਪੈਂਫਲਟ ਵੀ ਵੰਡੇ ਗਏ। ਇਸ ਮੌਕੇ ਗੁਰਦੇਵ ਸਿੰਘ ਸੈਕਰੇਟਰੀ, ਨਿਰਭੈ ਸਿੰਘ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।