ਵੱਧਦੀ ਗਰਮੀ ਕਾਰਨ ਸਕੂਲਾਂ ਦੇ ਸਮੇਂ ਬਦਲਣ ਦੀ ਮੰਗ ਤੇਜ਼

10

Punjab 23 Apr 2026 AJ DI Awaaj

Punjab Desk :   ਪੰਜਾਬ ਵਿੱਚ ਵੱਧਦੀ ਗਰਮੀ ਦੇ ਮੱਦੇਨਜ਼ਰ ਸਕੂਲ ਸਿੱਖਿਆ ਵਿਭਾਗ ਵੱਲੋਂ ਨਵੀਆਂ ਸੁਰੱਖਿਆ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅਪ੍ਰੈਲ ਮਹੀਨੇ ਵਿੱਚ ਹੀ ਤਾਪਮਾਨ ਦੇ ਤੇਜ਼ ਵਾਧੇ ਅਤੇ ਲੂ ਦੇ ਝੋਕਿਆਂ ਨੇ ਖ਼ਾਸ ਕਰਕੇ ਸਕੂਲੀ ਬੱਚਿਆਂ ਦੀ ਸਿਹਤ ਲਈ ਚਿੰਤਾ ਪੈਦਾ ਕਰ ਦਿੱਤੀ ਹੈ।

ਵਿਭਾਗ ਨੇ ਸਕੂਲਾਂ ਨੂੰ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਗਰਮੀ ਤੋਂ ਬਚਾਅ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਇਸਦੇ ਨਾਲ ਹੀ ਮਾਪਿਆਂ ਅਤੇ ਅਧਿਆਪਕ ਸੰਘਠਨਾਂ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਦੀ ਮੰਗ ਵੀ ਉਠ ਰਹੀ ਹੈ। ਉਨ੍ਹਾਂ ਦਾ ਸੁਝਾਅ ਹੈ ਕਿ ਸਕੂਲ ਸਵੇਰੇ 7 ਵਜੇ ਤੋਂ 11 ਵਜੇ ਤੱਕ ਲਗਾਏ ਜਾਣ, ਤਾਂ ਜੋ ਬੱਚਿਆਂ ਨੂੰ ਤਪਦੀ ਦੁਪਹਿਰ ਤੋਂ ਬਚਾਇਆ ਜਾ ਸਕੇ।

ਇਸਦੇ ਨਾਲ ਬਿਜਲੀ ਕੱਟਾਂ ਨੇ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਕਈ ਸਰਕਾਰੀ ਸਕੂਲਾਂ ਵਿੱਚ ਜਨਰੇਟਰ ਜਾਂ ਇਨਵਰਟਰ ਦੀ ਸਹੂਲਤ ਨਾ ਹੋਣ ਕਰਕੇ ਕਲਾਸਰੂਮ ਬਹੁਤ ਗਰਮ ਹੋ ਰਹੇ ਹਨ। ਬਿਜਲੀ ਨਾ ਹੋਣ ਕਾਰਨ ਪਾਣੀ ਦੀ ਕਮੀ ਵੀ ਪੈ ਰਹੀ ਹੈ, ਜਿਸ ਨਾਲ ਬੱਚਿਆਂ ਨੂੰ ਪੀਣ ਵਾਲੇ ਪਾਣੀ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਖ਼ਾਸ ਕਰਕੇ ਉਹ ਬੱਚੇ ਜੋ ਸਾਈਕਲ ਰਾਹੀਂ ਦੂਰੋਂ ਸਕੂਲ ਆਉਂਦੇ ਹਨ, ਦੁਪਹਿਰ ਦੀ ਤਪਦੀ ਗਰਮੀ ਵਿੱਚ ਵੱਡੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਘਰ ਵਾਪਸੀ ਦੌਰਾਨ ਉਨ੍ਹਾਂ ਨੂੰ ਚੱਕਰ, ਬੇਹੋਸ਼ੀ ਅਤੇ ਨੱਕ ਵਿੱਚੋਂ ਖੂਨ ਆਉਣ ਵਰਗੀਆਂ ਸਮੱਸਿਆਵਾਂ ਵੀ ਵਧ ਰਹੀਆਂ ਹਨ।

ਇਸ ਸਥਿਤੀ ਨੂੰ ਦੇਖਦੇ ਹੋਏ ਮਾਪੇ ਸਰਕਾਰ ਤੋਂ ਜਲਦੀ ਫੈਸਲਾ ਲੈਣ ਦੀ ਮੰਗ ਕਰ ਰਹੇ ਹਨ, ਤਾਂ ਜੋ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ।