Punjab 16 July 2026 AJ DI Awaaj
Punjab Desk : ਤਰਸੇਮ ਜੱਸੜ ਦੇ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਦਸਤਾਰ’ ਨੂੰ ਅਜੇ ਤੱਕ ਸੈਂਸਰ ਬੋਰਡ ਵੱਲੋਂ ਕਲੀਅਰੈਂਸ ਸਰਟੀਫਿਕੇਟ ਨਹੀਂ ਮਿਲਿਆ, ਜਿਸ ਕਾਰਨ ਫ਼ਿਲਮ ਭਾਰਤ ਵਿੱਚ ਆਪਣੇ ਨਿਰਧਾਰਤ ਰਿਲੀਜ਼ ਦਿਨ 17 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਵੇਗੀ।
ਜਾਣਕਾਰੀ ਅਨੁਸਾਰ, ਫ਼ਿਲਮ ਦਾ ਰਿਵਿਊ ਅਜੇ ਵੀ ਸੈਂਸਰ ਬੋਰਡ ਕੋਲ ਪੈਂਡਿੰਗ ਹੈ। ਇਸੇ ਕਰਕੇ ਭਾਰਤ ਵਿੱਚ ਇਸ ਦੀ ਰਿਲੀਜ਼ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਹਾਲਾਂਕਿ ਫ਼ਿਲਮ ਨੂੰ 17 ਜੁਲਾਈ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ।
ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਤੋਂ ਬਾਅਦ ਹੁਣ ‘ਦਸਤਾਰ’ ਦਾ ਵੀ ਸੈਂਸਰ ਬੋਰਡ ਦੇ ਘੇਰੇ ਵਿੱਚ ਆਉਣਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਘਟਨਾ ਨੇ ਸੈਂਸਰ ਪ੍ਰਕਿਰਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਫ਼ਿਲਮ ਵਿੱਚ ਤਰਸੇਮ ਜੱਸੜ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ, ਜਦਕਿ ਯੋਗਰਾਜ ਸਿੰਘ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਵਿੱਚ ਕੁੱਲ ਪੰਜ ਗੀਤ ਹਨ, ਜਿਨ੍ਹਾਂ ਵਿੱਚੋਂ ਤਿੰਨ ਗੀਤ ਕਹਾਣੀ ਦਾ ਹਿੱਸਾ ਹਨ ਅਤੇ ਦੋ ਗੀਤ ਪ੍ਰਮੋਸ਼ਨ ਲਈ ਤਿਆਰ ਕੀਤੇ ਗਏ ਹਨ।
ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਸੀ, ਪਰ ਸੈਂਸਰ ਬੋਰਡ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਭਾਰਤ ਵਿੱਚ ਇਸ ਦੀ ਰਿਲੀਜ਼ ਫਿਲਹਾਲ ਅਣਿਸ਼ਚਿਤ ਹੋ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਸੈਂਸਰ ਬੋਰਡ ਦੇ ਅਗਲੇ ਫ਼ੈਸਲੇ ‘ਤੇ ਟਿਕੀਆਂ ਹੋਈਆਂ ਹਨ।



















