ਚੰਡੀਗੜ੍ਹ 15 Jan 2026 AJ DI Awaaj
Chandigarh Desk : ਚੰਡੀਗੜ੍ਹ ਦੇ ਰਾਏਪੁਰ ਕਲਾਂ ਸਥਿਤ ਇੱਕ ਗਊਸ਼ਾਲਾ ਵਿੱਚ 60 ਤੋਂ ਵੱਧ ਗਊਆਂ ਦੀ ਮੌ*ਤ ਦੇ ਮਾਮਲੇ ਨੇ ਹਲਚਲ ਮਚਾ ਦਿੱਤੀ ਹੈ। ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਮੈਡੀਕਲ ਅਫ਼ਸਰ ਆਫ਼ ਹੈਲਥ (MOH) ਡਾ. ਇੰਦਰਦੀਪ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਗਊਸ਼ਾਲਾ ਵਿੱਚ ਤਾਇਨਾਤ ਤਿੰਨ ਆਊਟਸੋਰਸ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਜਿਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਵੈਟਰਨਰੀ ਡਾਕਟਰ ਡਾ. ਰਵਿੰਦਰ ਸਿੰਘ ਢਿੱਲੋਂ, ਸੈਨੀਟੇਸ਼ਨ ਇੰਸਪੈਕਟਰ ਰਾਮਲਾਲ ਸਿੰਘ, ਸੁਪਰਵਾਈਜ਼ਰ ਲਵਲੀ ਅਤੇ ਹੋਰ ਮਲਟੀ ਟਾਸਕਿੰਗ ਸਟਾਫ (MTS) ਸ਼ਾਮਲ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ADM) ਦੀ ਅਗਵਾਈ ਹੇਠ ਮੈਜਿਸਟ੍ਰੇਟ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਮੌ*ਤਾਂ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਰੇ ਹੋਏ ਪਸ਼ੂਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਦਰਅਸਲ, ਮੰਗਲਵਾਰ ਨੂੰ ਸਨਾਤਨ ਟਾਸਕ ਫੋਰਸ (STF) ਨੂੰ ਗਊਸ਼ਾਲਾ ਵਿੱਚ ਪਸ਼ੂਆਂ ਨਾਲ ਹੋ ਰਹੀ ਲਾਪਰਵਾਹੀ ਅਤੇ ਦੁਰਦਸ਼ਾ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ STF ਦੇ ਕਰੀਬ 25 ਮੈਂਬਰਾਂ ਦੀ ਟੀਮ ਰਾਤ ਕਰੀਬ 10:40 ਵਜੇ ਗਊਸ਼ਾਲਾ ਪਹੁੰਚੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ। ਟੀਮ ਨੇ ਦੋਸ਼ ਲਗਾਇਆ ਕਿ ਗਊਸ਼ਾਲਾ ਵਿੱਚ 60 ਤੋਂ ਵੱਧ ਗਾਵਾਂ ਅਤੇ ਵੱਛੇ ਮ*ਰੇ ਹੋਏ ਮਿਲੇ, ਜਦਕਿ ਜਿੰਦਾ ਬਚੇ ਜਾਨਵਰਾਂ ਦੀ ਹਾਲਤ ਵੀ ਬਹੁਤ ਹੀ ਮਾੜੀ ਸੀ। ਕਈ ਗਾਵਾਂ ਇੰਨੀ ਕਮਜ਼ੋਰ ਸਨ ਕਿ ਉਹ ਖੜ੍ਹੀਆਂ ਹੋਣ ਜਾਂ ਤੁਰਨ ਤੋਂ ਵੀ ਅਸਮਰੱਥ ਸਨ।
STF ਨੇ ਇਹ ਵੀ ਦੋਸ਼ ਲਗਾਇਆ ਕਿ ਗਊਸ਼ਾਲਾ ਪਰਿਸਰ ਵਿੱਚ ਭਾਰੀ ਗੰਦਗੀ ਫੈਲੀ ਹੋਈ ਸੀ ਅਤੇ ਮਰੇ ਹੋਏ ਪਸ਼ੂਆਂ ਦੇ ਸਰੀਰ ਖੁੱਲ੍ਹੇ ਵਿੱਚ ਪਏ ਸਨ। ਟੀਮ ਮੁਤਾਬਕ ਹਾਲਾਤ ਬਹੁਤ ਹੀ ਦਰਦਨਾਕ ਅਤੇ ਡਰਾਉਣੇ ਸਨ। ਸੰਗਠਨ ਨੇ ਗਊਸ਼ਾਲਾ ਦੇ ਨਾਮ ’ਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾਰ ਅਤੇ ਪਸ਼ੂਆਂ ਨਾਲ ਅਣਮਨੁੱਖੀ ਵਿਵਹਾਰ ਕਰਨ ਦੇ ਦੋਸ਼ ਵੀ ਲਗਾਏ ਹਨ।
ਘਟਨਾ ਤੋਂ ਬਾਅਦ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੇ ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਇਸ ਮਾਮਲੇ ਵਿੱਚ ਇੱਕ ਐਫਆਈਆਰ ਵੀ ਦਰਜ ਕਰ ਲਈ ਗਈ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਨਗਰ ਨਿਗਮ ਨੂੰ ਗਊਸ਼ਾਲਾਵਾਂ ਅਤੇ ਸਮੁੱਚੇ ਪਸ਼ੂ ਕਲਿਆਣ ਲਈ ਬਿਹਤਰ ਪ੍ਰਬੰਧ ਅਤੇ ਸਫ਼ਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ।












