ਕਾਮਨਵੈਲਥ ਗੇਮਜ਼ 2026: ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ, ਦੇਸ਼ ਦਾ ਮਾਣ ਵਧਾਇਆ

4

29 July 2026 Aj Di Awaaj

Sports Desk: ਕਾਮਨਵੈਲਥ ਗੇਮਜ਼ 2026 ਵਿੱਚ ਪੰਜਾਬ ਦੀ ਧੀ ਅਤੇ ਨਾਭਾ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਵੇਟਲਿਫਟਰ ਹਰਜਿੰਦਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਝੋਲੀ ਵਿੱਚ ਚਾਂਦੀ ਦਾ ਤਗ਼ਮਾ ਪਾਇਆ ਹੈ। ਮਹਿਲਾਵਾਂ ਦੇ 69 ਕਿਲੋਗ੍ਰਾਮ ਵਰਗ ਵਿੱਚ ਹਰਜਿੰਦਰ ਨੇ ਕੁੱਲ 227 ਕਿਲੋਗ੍ਰਾਮ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਦੇਸ਼ ਦਾ ਮਾਣ ਵਧਾਇਆ।

ਕੈਨੇਡਾ ਦੀ ਚਾਰਲਟ ਸੀਮੋਨ ਨੇ 240 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ, ਜਦਕਿ ਆਸਟ੍ਰੇਲੀਆ ਦੀ ਨਯਾ ਫੇਬ ਹੇਮਨ 218 ਕਿਲੋਗ੍ਰਾਮ ਨਾਲ ਕਾਂਸੀ ਦਾ ਤਗ਼ਮਾ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੀ।

ਨਤੀਜੇ ਆਉਣ ਤੋਂ ਬਾਅਦ ਨਾਭਾ ਵਿੱਚ ਹਰਜਿੰਦਰ ਦੇ ਘਰ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਹਰਜਿੰਦਰ ਦੇ ਪਿਤਾ ਸਾਹਿਬ ਸਿੰਘ ਨੇ ਇਸ ਸਫਲਤਾ ਦਾ ਸਿਹਰਾ ਧੀ ਦੀ ਮਿਹਨਤ ਅਤੇ ਪਰਮਾਤਮਾ ਦੀ ਕਿਰਪਾ ਨੂੰ ਦਿੱਤਾ।

ਹਰਜਿੰਦਰ ਦੀ ਇਸ ਉਪਲਬਧੀ ‘ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਵਧਾਈ ਦਿੱਤੀ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਹਰਜਿੰਦਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਉਹ ਅਜਿਹੀਆਂ ਹੀ ਉਪਲਬਧੀਆਂ ਹਾਸਲ ਕਰੇ, ਇਹੀ ਕਾਮਨਾ ਹੈ।

ਮੁਕਾਬਲੇ ਤੋਂ ਕੁਝ ਘੰਟੇ ਪਹਿਲਾਂ ਹਰਜਿੰਦਰ ਨੇ ਆਪਣੇ ਭਰਾ ਪ੍ਰਿਤਪਾਲ ਸਿੰਘ ਨਾਲ ਗੱਲਬਾਤ ਕਰਦਿਆਂ ਪੂਰਾ ਵਿਸ਼ਵਾਸ ਜਤਾਇਆ ਸੀ ਕਿ ਉਹ ਸੋਨ ਜਾਂ ਚਾਂਦੀ ਦਾ ਤਗ਼ਮਾ ਜ਼ਰੂਰ ਜਿੱਤੇਗੀ। ਉਸਦਾ ਇਹ ਭਰੋਸਾ ਸੱਚ ਸਾਬਤ ਹੋਇਆ ਅਤੇ ਉਹ ਰਜਤ ਤਗ਼ਮੇ ਨਾਲ ਪੋਡੀਅਮ ‘ਤੇ ਪਹੁੰਚੀ।

ਹਰਜਿੰਦਰ ਦੀ ਕਾਮਯਾਬੀ ਪਿੱਛੇ ਲੰਬਾ ਸੰਘਰਸ਼ ਲੁਕਿਆ ਹੋਇਆ ਹੈ। ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਆਰਥਿਕ ਤੰਗੀ ਦੇ ਬਾਵਜੂਦ ਉਸਦੇ ਮਾਪਿਆਂ ਨੇ ਕਦੇ ਵੀ ਉਸਦੇ ਸੁਪਨਿਆਂ ਨੂੰ ਟੁੱਟਣ ਨਹੀਂ ਦਿੱਤਾ। ਸਿਖਲਾਈ, ਖੁਰਾਕ ਅਤੇ ਮੁਕਾਬਲਿਆਂ ਦਾ ਖਰਚਾ ਪੂਰਾ ਕਰਨ ਲਈ ਉਸਦੇ ਪਿਤਾ ਨੇ ਕਰਜ਼ਾ ਵੀ ਲਿਆ, ਪਰ ਧੀ ਦੀ ਹਿੰਮਤ ਨਹੀਂ ਟੁੱਟਣ ਦਿੱਤੀ।

ਬਚਪਨ ਵਿੱਚ ਹਰਜਿੰਦਰ ਹਰ ਰੋਜ਼ ਪਿੰਡ ਤੋਂ ਨਾਭਾ ਤੱਕ ਕਰੀਬ ਪੰਜ ਕਿਲੋਮੀਟਰ ਸਾਈਕਲ ਰਾਹੀਂ ਸਕੂਲ ਜਾਂਦੀ ਸੀ। ਕਈ ਵਾਰ ਸਾਈਕਲ ਪੰਚਰ ਹੋ ਜਾਂਦਾ, ਪਰ ਉਹ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਬਿਨਾਂ ਸ਼ਿਕਾਇਤ ਕੀਤੇ ਘਰ ਵਾਪਸ ਆ ਜਾਂਦੀ ਸੀ। ਸਕੂਲ ਤੋਂ ਬਾਅਦ ਉਹ ਖੇਤਾਂ ਅਤੇ ਪਸ਼ੂਆਂ ਦੇ ਕੰਮ ਵਿੱਚ ਵੀ ਆਪਣੇ ਪਿਤਾ ਦਾ ਹੱਥ ਬਟਾਉਂਦੀ ਸੀ।

ਖੇਡਾਂ ਦਾ ਸਫ਼ਰ ਕਬੱਡੀ ਨਾਲ ਸ਼ੁਰੂ ਕਰਨ ਵਾਲੀ ਹਰਜਿੰਦਰ ਨੂੰ ਉਸਦੇ ਪਹਿਲੇ ਕੋਚ ਪਰਮਜੀਤ ਸ਼ਰਮਾ ਨੇ ਉਸਦੀ ਤਾਕਤ ਦੇਖਦੇ ਹੋਏ ਪਹਿਲਾਂ ਰੱਸਾਕਸ਼ੀ ਅਤੇ ਬਾਅਦ ਵਿੱਚ ਵੇਟਲਿਫਟਿੰਗ ਵੱਲ ਪ੍ਰੇਰਿਤ ਕੀਤਾ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸਨੇ ਸਰੀਰਕ ਬਣਤਰ ਬਦਲਣ ਦੇ ਡਰ ਕਾਰਨ ਖੇਡ ਛੱਡਣ ਦਾ ਮਨ ਬਣਾ ਲਿਆ ਸੀ, ਪਰ ਮਾਪਿਆਂ ਨੇ ਉਸਦਾ ਹੌਸਲਾ ਵਧਾਇਆ ਅਤੇ ਉਸਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ।

ਹਾਲ ਹੀ ਵਿੱਚ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੀ ਹਰਜਿੰਦਰ ਕੌਰ ਇਸ ਵੇਲੇ ਇਨਕਮ ਟੈਕਸ ਵਿਭਾਗ ਵਿੱਚ ਸੇਵਾ ਨਿਭਾ ਰਹੀ ਹੈ। ਸਾਲਾਂ ਦੇ ਸੰਘਰਸ਼ ਤੋਂ ਬਾਅਦ ਪਰਿਵਾਰ ਦੀ ਆਰਥਿਕ ਹਾਲਤ ਵੀ ਸੁਧਰੀ ਹੈ। ਭਾਵੁਕ ਹੋਏ ਪਿਤਾ ਸਾਹਿਬ ਸਿੰਘ ਨੇ ਕਿਹਾ, “ਅੱਜ ਧੀ ਨੇ ਸਾਡੀ ਸਾਰੀ ਮਿਹਨਤ ਸਫਲ ਕਰ ਦਿੱਤੀ, ਹੁਣ ਮੈਨੂੰ ਕਿਸੇ ਗੱਲ ਦੀ ਫਿਕਰ ਨਹੀਂ।”