ਭਾਰਤੀ ਪਾਇਲਟ ਸਮਿਤ ਮੱਛਰ ਨੂੰ ਯੂਏਈ ਦੇ ਰਾਸ਼ਟਰਪਤੀ ਵੱਲੋਂ ਵੱਡਾ ਸਨਮਾਨ

11

ਦੁਬਈ: 28 Oct 2026 AJ DI Awaaj

International Desk :    ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਪੇਸ਼ੇਵਰ ਸਮਰੱਥਾ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ ਹੈ। ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਅਬੂ ਧਾਬੀ ਵਿੱਚ ਕਰਵਾਏ ਸਮਾਰੋਹ ਦੌਰਾਨ ਕੈਪਟਨ ਮੱਛਰ ਅਤੇ ਫਲਾਈਦੁਬਈ ਦੇ ਹੋਰ ਚਾਲਕ ਦਲ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੂੰ ਫਸਟ ਕਲਾਸ ਆਰਡਰ ਆਫ਼ ਜ਼ਾਇਦ II ਪ੍ਰਦਾਨ ਕੀਤਾ ਗਿਆ।

ਐਮਰਜੈਂਸੀ ਦੌਰਾਨ ਦਿਖਾਈ ਹਿੰਮਤ

ਜਾਣਕਾਰੀ ਅਨੁਸਾਰ, 30 ਸਤੰਬਰ ਨੂੰ ਇੱਕ ਉਡਾਣ ਦੌਰਾਨ ਕਾਕਪਿਟ ਵਿੱਚ ਗੰਭੀਰ ਘਟਨਾ ਵਾਪਰੀ ਸੀ। ਇਸ ਦੌਰਾਨ ਜ਼ਖ਼*ਮੀ ਹੋਣ ਦੇ ਬਾਵਜੂਦ ਕੈਪਟਨ ਮੱਛਰ ਨੇ ਹਿੰਮਤ ਅਤੇ ਸੰਜਮ ਨਾਲ ਸਥਿਤੀ ਦਾ ਸਾਹਮਣਾ ਕੀਤਾ। ਉਨ੍ਹਾਂ ਦੀ ਕਾਰਵਾਈ ਅਤੇ ਹੋਰ ਲੋਕਾਂ ਦੇ ਸਹਿਯੋਗ ਨਾਲ ਸੰਭਾਵੀ ਵੱਡੇ ਹਾਦਸੇ ਨੂੰ ਟਾਲਣ ਵਿੱਚ ਮਦਦ ਮਿਲੀ।

ਯੂਏਈ ਦੇ ਰਾਸ਼ਟਰਪਤੀ ਨੇ ਚਾਲਕ ਦਲ ਦੀ ਹਿੰਮਤ, ਪੇਸ਼ੇਵਰਤਾ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਇਹ ਸਨਮਾਨ ਮੁਸ਼ਕਲ ਹਾਲਾਤ ਵਿੱਚ ਜਾਨਾਂ ਦੀ ਰੱਖਿਆ ਲਈ ਨਿਭਾਈ ਗਈ ਭੂਮਿਕਾ ਨੂੰ ਮਾਨਤਾ ਦੇਣ ਲਈ ਦਿੱਤਾ ਗਿਆ।

ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਵੀ ਕੀਤੀ ਮੁਲਾਕਾਤ

ਇਸ ਤੋਂ ਪਹਿਲਾਂ 3 ਅਕਤੂਬਰ ਨੂੰ ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਹਸਪਤਾਲ ਵਿੱਚ ਇਲਾਜ ਅਧੀਨ ਕੈਪਟਨ ਮੱਛਰ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਪਾਇਲਟ ਦੀ ਬਹਾਦਰੀ, ਜ਼ਿੰਮੇਵਾਰੀ ਅਤੇ ਮਨੁੱਖੀ ਜੀਵਨ ਪ੍ਰਤੀ ਸਤਿਕਾਰ ਦੀ ਪ੍ਰਸ਼ੰਸਾ ਕੀਤੀ।

ਯੂਏਈ ਦੀ ਜਨਰਲ ਸਿਵਲ ਏਵੀਏਸ਼ਨ ਅਥਾਰਟੀ ਵੱਲੋਂ ਵੀ ਇਸ ਘਟਨਾ ਦੌਰਾਨ ਸਹਿਯੋਗ ਦੇਣ ਵਾਲੇ ਚਾਲਕ ਦਲ ਅਤੇ ਯਾਤਰੀਆਂ ਦੀ ਸ਼ਲਾਘਾ ਕੀਤੀ ਗਈ ਸੀ।

ਇਜ਼ਰਾਈਲ ਵੱਲੋਂ ਵੀ ਸਨਮਾਨ ਦਾ ਐਲਾਨ

ਕੈਪਟਨ ਸਮਿਤ ਮੱਛਰ ਦੀ ਬਹਾਦਰੀ ਦੀ ਕੌਮਾਂਤਰੀ ਪੱਧਰ ’ਤੇ ਵੀ ਪ੍ਰਸ਼ੰਸਾ ਹੋਈ ਹੈ। ਇਜ਼ਰਾਈਲ ਨੇ ਵੀ ਉਨ੍ਹਾਂ ਨੂੰ ਨਾਗਰਿਕ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ, ਜੋ ਸਿਹਤਯਾਬ ਹੋਣ ਤੋਂ ਬਾਅਦ ਦਿੱਤਾ ਜਾਵੇਗਾ।

ਇਹ ਸਨਮਾਨ ਕੈਪਟਨ ਮੱਛਰ ਵੱਲੋਂ ਸੰਕਟ ਦੀ ਘੜੀ ਵਿੱਚ ਦਿਖਾਈ ਹਿੰਮਤ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਕੀਤੇ ਯਤਨਾਂ ਦੀ ਅੰਤਰਰਾਸ਼ਟਰੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ।