ਚੰਡੀਗੜ੍ਹ: 31 Aug 2026 AJ DI Awaaj
Chandigarh Desk : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਪਹਿਲੀ ਫਰੈਂਚਾਇਜ਼ੀ ਆਧਾਰਿਤ ਸ਼ੇਰ-ਏ-ਪੰਜਾਬ T-20 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਇਸ ਲੀਗ ਵਿੱਚ ਕੁੱਲ 6 ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦਾ ਫਾਈਨਲ 13 ਸਤੰਬਰ ਨੂੰ ਮੋਹਾਲੀ ਦੇ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਲੀਗ ਦਾ ਮਕਸਦ ਪੰਜਾਬ ਦੇ ਉਭਰਦੇ ਕ੍ਰਿਕਟਰਾਂ ਨੂੰ ਵੱਡਾ ਪਲੇਟਫਾਰਮ ਦੇਣਾ ਅਤੇ ਉਨ੍ਹਾਂ ਨੂੰ ਤਜਰਬੇਕਾਰ ਖਿਡਾਰੀਆਂ ਨਾਲ ਖੇਡਣ ਤੇ ਸਿੱਖਣ ਦੇ ਮੌਕੇ ਪ੍ਰਦਾਨ ਕਰਨਾ ਹੈ।
6 ਟੀਮਾਂ, ਇਨ੍ਹਾਂ ਖਿਡਾਰੀਆਂ ਦੇ ਹੱਥ ਕਪਤਾਨੀ
ਫਾਜ਼ਿਲਕਾ ਫਾਲਕਨਜ਼ – ਸ਼ੁਭਮਨ ਗਿੱਲ
ਲੁਧਿਆਣਾ ਲਾਇਨਜ਼ – ਅਰਸ਼ਦੀਪ ਸਿੰਘ
ਅੰਮ੍ਰਿਤਸਰ ਸੂਰਮੇ – ਅਭਿਸ਼ੇਕ ਸ਼ਰਮਾ
ਜਲੰਧਰ ਵਾਰੀਅਰਜ਼ – ਪ੍ਰਭਸਿਮਰਨ ਸਿੰਘ
ਮੋਹਾਲੀ ਕਿੰਗਜ਼ – ਰਮਨਦੀਪ ਸਿੰਘ
ਬਠਿੰਡਾ ਰਾਇਲਜ਼ – ਗੁਰਨੂਰ ਬਰਾੜ
ਲੀਗ ਦੇ ਉਦਘਾਟਨੀ ਮੁਕਾਬਲੇ ਵਿੱਚ ਅੰਮ੍ਰਿਤਸਰ ਸੂਰਮੇ ਅਤੇ ਮੋਹਾਲੀ ਕਿੰਗਜ਼ ਆਹਮੋ-ਸਾਹਮਣੇ ਹਨ। ਟੂਰਨਾਮੈਂਟ ਦੇ ਸਾਰੇ ਮੈਚ ਮੋਹਾਲੀ ਸਥਿਤ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ।
ਲੀਗ ਵਿੱਚ ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਨਮਨ ਧੀਰ, ਵਿਹਾਨ ਮਲਹੋਤਰਾ, ਇਮਾਨਜੋਤ ਸਿੰਘ ਚਾਹਲ, ਅਸ਼ਵਨੀ ਕੁਮਾਰ ਅਤੇ ਕ੍ਰਿਸ਼ ਭਗਤ ਸਮੇਤ ਪੰਜਾਬ ਦੇ ਕਈ ਪ੍ਰਮੁੱਖ ਕ੍ਰਿਕਟਰ ਹਿੱਸਾ ਲੈ ਰਹੇ ਹਨ। 450 ਤੋਂ ਵੱਧ ਖਿਡਾਰੀਆਂ ਦੇ ਪੂਲ ਵਿੱਚੋਂ ਬੋਲੀ ਰਾਹੀਂ 119 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ।
CM ਮਾਨ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 3,100 ਖੇਡ ਮੈਦਾਨ ਬਣਾਏ ਜਾ ਰਹੇ ਹਨ। ਇਸ ਦੇ ਨਾਲ ਹੀ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅਗਲਾ ਐਡੀਸ਼ਨ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗਾ।



















