ਚੰਦਭਾਨ ਘਟਨਾ: ਜੇਲ੍ਹ ‘ਚੋਂ ਰਿਹਾਅ ਹੋਏ ਸਾਰੇ ਮਜ਼ਦੂਰ, ਐਕਸ਼ਨ ਕਮੇਟੀ ਨੇ ਗਲਾ ‘ਚ ਪਾਏ ਹਾਰ

11

12 ਫਰਵਰੀ Aj Di Awaaj

ਫ਼ਰੀਦਕੋਟ

ਬੀਤੇ ਦਿਨੀਂ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਚੰਦਭਾਨ ਵਿਚ ਨਿਕਾਸੀ ਨਾਲੀ ਨੂੰ ਲੈ ਕੇ ਪਿੰਡ ਦੇ ਮਜ਼ਦੂਰ ਪਰਿਵਾਰਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਅੱਜ ਫਰੀਦਕੋਟ ਪ੍ਰਸ਼ਾਸ਼ਨ ਵੱਲੋਂ ਐਕਸ਼ਨ ਕਮੇਟੀ ਦੇ ਦਬਾਅ ਦੇ ਚੱਲਦੇ ਬਿਨਾਂ ਸ਼ਰਤ ਰਿਹਾਅ ਕਰ ਦਿਤਾ ਗਿਆ। ਦੇਰ ਰਾਤ ਕਰੀਬ 10:30 ਵਜੇ ਸਾਰੇ ਵਿਅਕਤੀਆਂ ਨੂੰ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਰਾਹੀਂ ਜੇਲ੍ਹ ਵਿਚੋਂ ਬਾਹਰ ਲਿਆਂਦਾ ਗਿਆ ਅਤੇ ਪੁਲਿਸ ਸੁਰੱਖਿਆ ਹੇਠ ਹੀ ਇਸੇ ਬੱਸ ਰਾਹੀਂ ਉਹਨਾਂ ਨੂੰ ਪਿੰਡ ਚੰਦਭਾਨ ਲਈ ਰਵਾਨਾ ਕੀਤਾ ਗਿਆ।

ਜੇਲ੍ਹ ਵਿਚੋਂ ਬਾਹਰ ਆਉਣ ਤੇ ਜਥੇਬੰਦੀਆਂ ਦੇ ਆਗੂਆਂ ਅਤੇ ਐਕਸ਼ਨ ਕਮੇਟੀ ਵਲੋਂ ਸਾਰੇ ਮਜ਼ਦੂਰਾਂ ਨੂੰ ਹਾਰ ਪਹਿਨਾ ਕੇ ਉਹਨਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਜੇਲ੍ਹ ਵਿਚੋਂ ਬਾਹਰ ਆਏ ਮਜਦੂਰ ਨੌਜਵਾਨਾਂ ਨੇ ਕਿਹਾ ਕਿ ਪੁਲਿਸ ਨੇ ਕੁੱਟਿਆ ਤਾਂ ਬਹੁਤ ਪਰ ਉਹਨਾਂ ਨੂੰ ਖੁਸ਼ੀ ਹੈ ਕਿ ਜਥੇਬੰਦੀਆਂ ਨੇ ਉਹਨਾਂ ਨੂੰ ਛੁਡਵਾ ਲਿਆ ਅਤੇ ਉਹ ਜਿੱਤ ਕੇ ਆਪਣੇ ਘਰ ਵਾਪਸ ਚੱਲੇ ਹਨ। ਉਹਨਾਂ ਐਕਸ਼ਨ ਕਮੇਟੀ ਦਾ ਵੀ ਧਨਵਾਦ ਕੀਤਾ।

ਇਸ ਮੌਕੇ ਗੱਲਬਾਤ ਕਰਦਿਆ ਮਜਦੂਰ ਆਗੂਆਂ ਅਤੇ ਐਕਸ਼ਨ ਕਮੇਟੀ ਦੇ ਨੁਮਾਇੰਦੇ ਨੌਂਨਿਹਾਲ ਸਿੰਘ ਨੇ ਪੁਲਿਸ ਦੀ ਹਾਜ਼ਰੀ ਵਿਚ ਮਜ਼ਦੂਰਾਂ ਉਪਰ ਗੋਲੀਆਂ ਚਲਾਉਣ ਅਤੇ ਕਥਿਤ ਝੂਠਾ ਪਰਚਾ ਦਰਜ ਕਰਵਾ ਕੇ ਮਜ਼ਦੂਰਾਂ ਦੀ ਕੁੱਟਮਾਰ ਕਰਵਾਉਣ ਵਾਲੇ ਪਿੰਡ ਦੇ ਹੀ ਗਮਦੂਰ ਸਿੰਘ ਨਾਮੀ ਸ਼ਖਸ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਅਸੀਂ ਆਪਣੇ ਸਾਥੀਆਂ ਨੂੰ ਛੁਡਵਾ ਲਿਆ ਹੁਣ ਅੰਦਰ ਜਾਣ ਦੀ ਵਾਰੀ ਤੇਰੀ ਹੈ।

ਉਹਨਾਂ ਕਿਹਾ ਕਿ ਹਾਲੇ ਉਹਨਾਂ ਦੇ ਸਾਥੀ ਜੇਲ੍ਹ ਤੋਂ ਬਾਹਰ ਹੀ ਆਏ ਹਨ, ਘਰੇ ਜਾ ਕੇ ਸਭ ਨਾਲ ਗੱਲਬਾਤ ਕਰਾਂਗੇ ਅਤੇ ਅੱਗੇ ਦੀ ਕਾਰਵਾਈ ਮਿਥੇ ਪ੍ਰੋਗਰਾਮ ਤਹਿਤ ਹੀ ਹੋਵੇਗੀ ਜੇਕਰ ਪ੍ਰਸ਼ਾਸ਼ਨ ਨੇ ਆਪਣਾ ਵਾਅਦਾ ਨਾ ਨਿਭਾਇਆ।