ਚੰਬਾ, 11 ਮਈ 2026 Aj Di Awaaj
Himachal Desk: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸੋਮਵਾਰ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਗੁਜਰਾਤ ਦੇ ਪੰਜ ਸੈਲਾਨੀਆਂ ਅਤੇ ਇਕ ਡਰਾਈਵਰ ਸਮੇਤ ਕੁੱਲ ਛੇ ਲੋਕਾਂ ਦੀ ਮੌ*ਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਇਹ ਹਾਦਸਾ ਚੌਵਾੜੀ ਉਪ ਮੰਡਲ ਦੇ ਕਾਕੀੜਾ ਨੇੜੇ ਲਹਰੂ-ਡਲਹੌਜ਼ੀ ਮਾਰਗ ‘ਤੇ ਵਾਪਰਿਆ। ਜਾਣਕਾਰੀ ਮੁਤਾਬਕ ਸੈਲਾਨੀਆਂ ਦੀ ਗੱਡੀ ਤੇਜ਼ ਬਾਰਿਸ਼ ਅਤੇ ਘੁੱਪ ਹਨੇਰੇ ਕਾਰਨ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ।
ਮ੍ਰਿ*ਤਕਾਂ ਦੀ ਪਛਾਣ ਲਲਿਤ ਭਾਈ ਫਤਨਾਨੀ, ਉਨ੍ਹਾਂ ਦੀ ਪਤਨੀ ਮਮਤਾ, ਪ੍ਰਿਯੰਕ ਕਨ੍ਹਈਆ ਲਾਲ, ਉਸ ਦੀ ਪਤਨੀ ਕਾਜਲ ਅਤੇ ਪੁੱਤਰ ਦਿਵਿਆਂਸ਼ ਵਜੋਂ ਹੋਈ ਹੈ। ਹਾਦਸੇ ਵਿੱਚ ਡਰਾਈਵਰ ਜਸਵੰਤ, ਜੋ ਮੰਡੀ ਜ਼ਿਲ੍ਹੇ ਦੇ ਜੋਗਿੰਦਰਨਗਰ ਦਾ ਰਹਿਣ ਵਾਲਾ ਸੀ, ਦੀ ਵੀ ਮੌ*ਤ ਹੋ ਗਈ।
ਚੰਬਾ ਦੇ ਪੁਲਿਸ ਕਪਤਾਨ ਵਿਜੇ ਕੁਮਾਰ ਸਕਲਾਨੀ ਨੇ ਦੱਸਿਆ ਕਿ ਸੈਲਾਨੀ ਡਲਹੌਜ਼ੀ ਤੋਂ ਮਨਾਲੀ ਵੱਲ ਜਾ ਰਹੇ ਸਨ। ਰਾਤ ਕਰੀਬ 3 ਤੋਂ 4 ਵਜੇ ਦੇ ਦਰਮਿਆਨ ਖ਼ਰਾਬ ਮੌਸਮ ਕਾਰਨ ਡਰਾਈਵਰ ਤੰਗ ਮੋੜ ‘ਤੇ ਗੱਡੀ ਦਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਜ਼ਖ਼ਮੀਆਂ ਨੂੰ ਪਹਿਲੀ ਸਹਾਇਤਾ ਦੇਣ ਤੋਂ ਬਾਅਦ ਟਾਂਡਾ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।














