BJP ਦੀ ਪੰਜਾਬ ’ਚ ਮਹਾਯਾਤਰਾ, ਜਲੰਧਰ ’ਚ ਅਮਿਤ ਸ਼ਾਹ ਦੀ ਰੈਲੀ

18

Punjab 09 Sep 2026 AJ DI Awaaj

 

Punjab Desk  : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿੱਚ ਆਪਣੀ ਸਿਆਸੀ ਸਰਗਰਮੀ ਤੇਜ਼ ਕਰਨ ਦੀ ਤਿਆਰੀ ਕਰ ਲਈ ਹੈ। ਪਾਰਟੀ ਵੱਲੋਂ 18 ਤੋਂ 30 ਸਤੰਬਰ ਤੱਕ 12 ਦਿਨਾਂ ਦੀ ਰਾਜ ਪੱਧਰੀ ਮਹਾਯਾਤਰਾ ਕੱਢਣ ਦੀ ਯੋਜਨਾ ਬਣਾਈ ਗਈ ਹੈ। ਨਸ਼ਿਆਂ ਦੇ ਵਧਦੇ ਮਾਮਲੇ ਅਤੇ ਕਾਨੂੰਨ ਵਿਵਸਥਾ ਨੂੰ ਪਾਰਟੀ ਵੱਲੋਂ ਮੁੱਖ ਮੁੱਦਿਆਂ ਵਜੋਂ ਉਠਾਇਆ ਜਾਵੇਗਾ।

ਯਾਤਰਾ ਦੀ ਸ਼ੁਰੂਆਤ 18 ਸਤੰਬਰ ਨੂੰ ਪਠਾਨਕੋਟ ਤੋਂ ਹੋਵੇਗੀ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਯਾਤਰਾ ਨੂੰ ਰਵਾਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਫਾਜ਼ਿਲਕਾ ਤੋਂ ਵੀ ਯਾਤਰਾ ਦੀਆਂ ਵੱਖ-ਵੱਖ ਧਾਰਾਵਾਂ ਸ਼ੁਰੂ ਕੀਤੀਆਂ ਜਾਣਗੀਆਂ।

ਪਠਾਨਕੋਟ ਵਿੱਚ ਮਾਧੋਪੁਰ ਸਥਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਮਾਰਕ, ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਕੇਸਗੜ੍ਹ ਸਾਹਿਬ, ਤਲਵੰਡੀ ਸਾਬੋ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਫਾਜ਼ਿਲਕਾ ਦੇ ਆਸਫਵਾਲਾ ਯੁੱਧ ਸਮਾਰਕ ਨੂੰ ਯਾਤਰਾ ਦੇ ਸ਼ੁਰੂਆਤੀ ਕੇਂਦਰ ਬਣਾਇਆ ਗਿਆ ਹੈ।

ਪਾਰਟੀ ਦੀ ਯੋਜਨਾ ਮੁਤਾਬਕ ਇਹ ਯਾਤਰਾ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗੀ। ਇਸ ਦੌਰਾਨ ਨੌਜਵਾਨਾਂ ਨੂੰ ਜੋੜਨ ਲਈ ਵੱਖ-ਵੱਖ ਥਾਵਾਂ ’ਤੇ ਬਾਈਕ ਰੈਲੀਆਂ ਵੀ ਕਰਵਾਈਆਂ ਜਾਣਗੀਆਂ। ਕੇਂਦਰੀ ਮੰਤਰੀਆਂ, ਰਾਸ਼ਟਰੀ ਅਹੁਦੇਦਾਰਾਂ ਅਤੇ ਸੀਨੀਅਰ ਸੂਬਾਈ ਆਗੂਆਂ ਨੂੰ ਵੀ ਵੱਖ-ਵੱਖ ਹਲਕਿਆਂ ਦੀ ਜ਼ਿੰਮੇਵਾਰੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ।

ਜਲੰਧਰ ਵਿੱਚ ਹੋਵੇਗਾ ਮਹਾਯਾਤਰਾ ਦਾ ਸਮਾਪਨ

ਯਾਤਰਾ ਦਾ ਸਮਾਪਨ 29 ਜਾਂ 30 ਸਤੰਬਰ ਨੂੰ ਜਲੰਧਰ ਵਿੱਚ ਵੱਡੀ ਜਨ ਸਭਾ ਨਾਲ ਹੋਣ ਦੀ ਸੰਭਾਵਨਾ ਹੈ। ਇਸ ਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਯਾਤਰਾ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਭਾਜਪਾ ਵੱਲੋਂ ਇਸ ਮਹਾਯਾਤਰਾ ਨੂੰ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਵੱਡੀ ਸਿਆਸੀ ਮੁਹਿੰਮ ਵਜੋਂ ਦੇਖਿਆ ਜਾ ਰਿਹਾ ਹੈ।