ਡਰਾਈਵਰ ਨੇ ਪੁਲ ਦੀ ਖਸਤਾ ਹਾਲਤ ’ਤੇ ਚੁੱਕੇ ਸਵਾਲ
ਹਾਦਸੇ ਵਿੱਚ ਵਾਲ-ਵਾਲ ਬਚੇ ਟਰੱਕ ਡਰਾਈਵਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲ ਟੁੱਟਣ ਸਮੇਂ ਉਨ੍ਹਾਂ ਦੇ ਟਰੱਕ ਦਾ ਪਿਛਲਾ ਹਿੱਸਾ ਵੀ ਇਸ ਵਿੱਚ ਫਸ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਸੂਝਬੂਝ ਨਾਲ ਟਰੱਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਘਟਨਾ ਵਿੱਚ ਉਨ੍ਹਾਂ ਦੇ ਵਾਹਨ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਡਰਾਈਵਰ ਨੇ ਦੋਸ਼ ਲਗਾਇਆ ਕਿ ਉਹ ਅਕਸਰ ਇਸ ਰਸਤੇ ਤੋਂ ਲੰਘਦੇ ਹਨ ਅਤੇ ਪੁਲ ਦੀ ਹਾਲਤ ਲੰਬੇ ਸਮੇਂ ਤੋਂ ਖਸਤਾ ਸੀ। ਪੁਲ ਦੀ ਮੁਰੰਮਤ ਦੀ ਲੋੜ ਸੀ, ਪਰ ਇਸ ਵੱਲ ਸਮੇਂ ਸਿਰ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਮੁਤਾਬਕ ਜੇਕਰ ਪਹਿਲਾਂ ਹੀ ਮੁਰੰਮਤ ਕਰਵਾ ਦਿੱਤੀ ਜਾਂਦੀ ਤਾਂ ਇਸ ਹਾ*ਦਸੇ ਤੋਂ ਬਚਿਆ ਜਾ ਸਕਦਾ ਸੀ।
ਡੀਸੀ ਨੇ ਦਿੱਤੇ ਮੈਜਿਸਟ੍ਰੇਟ ਜਾਂਚ ਦੇ ਹੁਕਮ
ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪਟਿਆਲਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਕਰਵਾਈ ਜਾਵੇਗੀ।
ਡੀਸੀ ਨੇ ਕਿਹਾ ਕਿ ਹਾ*ਦਸੇ ਤੋਂ ਬਾਅਦ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਲੋਕਾਂ ਦੀ ਜਾਨ ਦੀ ਸੁਰੱਖਿਆ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਨੂੰ ਰੋਕਣਾ ਸੀ। ਇਸ ਲਈ ਰਾਹਤ ਅਤੇ ਬਚਾਅ ਟੀਮਾਂ ਨੂੰ ਤੁਰੰਤ ਤਾਇਨਾਤ ਕੀਤਾ ਗਿਆ।
ਉਨ੍ਹਾਂ ਸਪੱਸ਼ਟ ਕੀਤਾ ਕਿ ਜਾਂਚ ਦੌਰਾਨ ਜੇਕਰ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਜਾਂ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ NHAI ਤੋਂ ਵੀ ਰਿਪੋਰਟ ਮੰਗੀ ਗਈ ਹੈ।
ਆਵਾਜਾਈ ਨੂੰ ਸਰਵਿਸ ਰੋਡ ਵੱਲ ਮੋੜਿਆ
ਹਾ*ਦਸੇ ਤੋਂ ਬਾਅਦ NHAI ਦੀ ਇਨਸੀਡੈਂਟ ਮੈਨੇਜਮੈਂਟ ਟੀਮ ਨੇ ਮੌਕੇ ’ਤੇ ਪਹੁੰਚ ਕੇ ਸੁਰੱਖਿਆ ਪ੍ਰਬੰਧ ਸੰਭਾਲ ਲਏ। ਪੁਲ ’ਤੇ ਆਵਾਜਾਈ ਬੰਦ ਕਰਕੇ ਵਾਹਨਾਂ ਨੂੰ ਸਰਵਿਸ ਰੋਡ ਵੱਲ ਮੋੜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਰੋਡ ਸੇਫਟੀ ਮਾਰਸ਼ਲ ਅਤੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਹਾਦਸਾਗ੍ਰਸਤ ਸਥਾਨ ਦੇ ਆਲੇ-ਦੁਆਲੇ ਬੈਰੀਕੇਡਿੰਗ, ਸਾਈਨ ਬੋਰਡ ਅਤੇ ਲਾਈਟਾਂ ਲਗਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਕਿਸੇ ਹੋਰ ਹਾ*ਦਸੇ ਨੂੰ ਰੋਕਿਆ ਜਾ ਸਕੇ।
60 ਮੀਟਰ ਲੰਬਾ ਬੇਲੀ ਬ੍ਰਿਜ ਲਗਾਉਣ ਦੀ ਤਿਆਰੀ
NHAI ਵੱਲੋਂ ਆਵਾਜਾਈ ਮੁੜ ਸ਼ੁਰੂ ਕਰਨ ਲਈ 60 ਮੀਟਰ ਸਪੈਨ ਵਾਲਾ ਬੇਲੀ ਬ੍ਰਿਜ ਲਿਆਂਦਾ ਜਾ ਰਿਹਾ ਹੈ। ਇਹ ਪੁਲ ਪਹਿਲਾਂ ਅੰਮ੍ਰਿਤਸਰ ਦੇ ਵੱਲ੍ਹਾ ਵਿਖੇ ਆਵਾਜਾਈ ਦੇ ਬਦਲਵੇਂ ਪ੍ਰਬੰਧ ਲਈ ਵਰਤਿਆ ਜਾਣਾ ਸੀ।
NHAI ਅਨੁਸਾਰ ਅਗਲੇ 3 ਤੋਂ 4 ਦਿਨਾਂ ਦੇ ਅੰਦਰ ਬੇਲੀ ਬ੍ਰਿਜ ਰਾਹੀਂ ਆਵਾਜਾਈ ਬਹਾਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਪੁਲ ਡਿੱਗਣ ਦੇ ਕਾਰਨਾਂ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ
ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ NHAI ਵੱਲੋਂ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਪੁਲ ਦੀ ਬਣਤਰ, ਮੌਜੂਦਾ ਹਾਲਤ ਅਤੇ ਇਸ ਦੇ ਰੱਖ-ਰਖਾਅ ਨਾਲ ਜੁੜੇ ਪਹਿਲੂਆਂ ਦੀ ਜਾਂਚ ਕਰੇਗੀ ਅਤੇ ਲੋੜੀਂਦੇ ਸੁਝਾਅ ਦੇਵੇਗੀ।
ਕਿਸ ਵਿਭਾਗ ਦੇ ਅਧੀਨ ਸੀ ਪੁਲ ਦੀ ਦੇਖਭਾਲ?
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਬਾਈਪਾਸ ਦਾ ਚਾਰ ਮਾਰਗੀ ਹਿੱਸਾ ਇਸ ਸਮੇਂ NHAI ਦੇ ਸ਼ਾਰਟ ਟਰਮ ਮੇਨਟੀਨੈਂਸ ਕੰਟਰੈਕਟ ਅਧੀਨ ਹੈ ਅਤੇ ਇਹ ਸੜਕ ਸਾਲ 2018 ਵਿੱਚ NHAI ਨੂੰ ਸੌਂਪੀ ਗਈ ਸੀ।
ਇਸ ਸੜਕ ਦੇ ਚਾਰ ਮਾਰਗੀ ਨਿਰਮਾਣ ਦਾ ਕੰਮ BRO ਵੱਲੋਂ ਪੰਜਾਬ PWD ਦੀ ਨਿਗਰਾਨੀ ਹੇਠ ਕੀਤਾ ਗਿਆ ਸੀ। ਹੁਣ ਪੁਲ ਟੁੱਟਣ ਤੋਂ ਬਾਅਦ ਇਸ ਦੇ ਨਿਰਮਾਣ, ਰੱਖ-ਰਖਾਅ ਅਤੇ ਸੰਭਾਵਿਤ ਲਾਪਰਵਾਹੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਪ੍ਰਸ਼ਾਸਨਿਕ ਜਾਂਚ ਦੀ ਰਿਪੋਰਟ ਤੋਂ ਬਾਅਦ ਹੀ ਹਾ*ਦਸੇ ਦੇ ਅਸਲ ਕਾਰਨਾਂ ਅਤੇ ਜ਼ਿੰਮੇਵਾਰੀ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।



















