ਰੂਪਨਗਰ, 28 ਜੁਲਾਈ 2026 AJ DI Awaaj
Punjab Desk : ਵਿਸ਼ਵ ਹੈਪੇਟਾਇਟਸ ਦਿਵਸ ਦੇ ਮੌਕੇ ‘ਤੇ ਅੱਜ ਸਿਵਲ ਹਸਪਤਾਲ ਰੂਪਨਗਰ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਾ. ਪੁਨੀਤ ਸੈਣੀ (ਐਮ.ਡੀ. ਮੈਡੀਸਨ) ਅਤੇ ਡਾ. ਹਰਸ਼ਰਨ ਕੌਰ (ਜ਼ਿਲ੍ਹਾ ਐਪੀਡਿਮੋਲੋਜਿਸਟ) ਨੇ ਹਾਜ਼ਰ ਲੋਕਾਂ ਨੂੰ ਹੈਪੇਟਾਇਟਸ ਬਿਮਾਰੀ, ਇਸ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਹਰ ਸਾਲ 28 ਜੁਲਾਈ ਨੂੰ ਵਿਸ਼ਵ ਹੈਪੇਟਾਇਟਸ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਜਿਗਰ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ, ਖ਼ਾਸ ਕਰਕੇ ਵਾਇਰਲ ਹੈਪੇਟਾਇਟਸ ਬਾਰੇ ਜਾਗਰੂਕ ਕਰਨਾ, ਇਸ ਤੋਂ ਬਚਾਅ ਲਈ ਪ੍ਰੇਰਿਤ ਕਰਨਾ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਪਲਬਧ ਮੁਫ਼ਤ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦੇਣਾ ਹੈ।
ਉਨ੍ਹਾਂ ਦੱਸਿਆ ਕਿ ਹੈਪੇਟਾਇਟਸ ਜਿਗਰ ਦੀ ਇੱਕ ਗੰਭੀਰ ਸੋਜਸ਼ ਵਾਲੀ ਬਿਮਾਰੀ ਹੈ, ਜੋ ਮੁੱਖ ਤੌਰ ‘ਤੇ ਹੈਪੇਟਾਇਟਸ ਏ, ਬੀ, ਸੀ, ਡੀ ਅਤੇ ਈ ਵਾਇਰਸਾਂ ਕਾਰਨ ਹੁੰਦੀ ਹੈ। ਇਹ ਬਿਮਾਰੀ ਜਿਗਰ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਮੇਂ ਸਿਰ ਇਲਾਜ ਨਾ ਹੋਣ ਦੀ ਸੂਰਤ ਵਿੱਚ ਜਿਗਰ ਦਾ ਸਿਰੋਸਿਸ (ਲਿਵਰ ਸਿਰੋਸਿਸ), ਜਿਗਰ ਫੇਲ੍ਹ ਹੋਣਾ ਅਤੇ ਜਿਗਰ ਦਾ ਕੈਂਸਰ ਵਰਗੀਆਂ ਗੰਭੀਰ ਸਥਿਤੀਆਂ ਪੈਦਾ ਕਰ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਹੈਪੇਟਾਇਟਸ ਦੇ ਫੈਲਣ ਦੇ ਮੁੱਖ ਕਾਰਨਾਂ ਵਿੱਚ ਗੰਦੇ ਪਾਣੀ ਜਾਂ ਦੂਸ਼ਿਤ ਭੋਜਨ ਦਾ ਸੇਵਨ (ਹੈਪੇਟਾਇਟਸ ਏ ਅਤੇ ਈ), ਸੰਕਰਮਿਤ ਖੂਨ ਜਾਂ ਸੂਈਆਂ ਦੀ ਵਰਤੋਂ (ਹੈਪੇਟਾਇਟਸ ਬੀ ਅਤੇ ਸੀ), ਅਸੁਰੱਖਿਅਤ ਖੂਨ ਚੜ੍ਹਾਉਣਾ, ਮਾਂ ਤੋਂ ਬੱਚੇ ਵਿੱਚ ਸੰਕਰਮਣ ਅਤੇ ਅਸੁਰੱਖਿਅਤ ਸਰੀਰਕ ਸੰਬੰਧ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਥਕਾਵਟ ਅਤੇ ਕਮਜ਼ੋਰੀ, ਭੁੱਖ ਘਟਣਾ, ਪੀਲੀਆ (ਅੱਖਾਂ ਅਤੇ ਚਮੜੀ ਦਾ ਪੀਲਾ ਪੈ ਜਾਣਾ), ਉਲਟੀਆਂ ਜਾਂ ਮਤਲੀ ਅਤੇ ਪੇਟ ਦਰਦ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਹੈਪੇਟਾਇਟਸ ਤੋਂ ਬਚਾਅ ਲਈ ਸਾਫ਼ ਪਾਣੀ ਅਤੇ ਸਾਫ਼-ਸੁਥਰੇ ਭੋਜਨ ਦੀ ਵਰਤੋਂ, ਖ਼ਾਸ ਕਰਕੇ ਹੈਪੇਟਾਇਟਸ ਬੀ ਦਾ ਟੀਕਾਕਰਨ, ਸਿਰਫ਼ ਸਟੀਰਲਾਈਜ਼ਡ ਸੂਈਆਂ ਦੀ ਵਰਤੋਂ, ਖੂਨ ਚੜ੍ਹਾਉਣ ਤੋਂ ਪਹਿਲਾਂ ਉਸ ਦੀ ਜਾਂਚ ਯਕੀਨੀ ਬਣਾਉਣਾ ਅਤੇ ਨਿੱਜੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਰਕਾਰੀ ਹਸਪਤਾਲਾਂ ਵਿੱਚ ਹੈਪੇਟਾਇਟਸ ਦੀ ਜਾਂਚ ਅਤੇ ਇਲਾਜ ਦੀਆਂ ਸੇਵਾਵਾਂ ਮੁਫ਼ਤ ਉਪਲਬਧ ਹਨ, ਇਸ ਲਈ ਲੋਕ ਕਿਸੇ ਵੀ ਲੱਛਣ ਦੀ ਸੂਰਤ ਵਿੱਚ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ,ਰਿਤੂ ਡਿਪਟੀ ਮਾਸ ਮੀਡੀਆ ਅਫਸਰ ਦਿਲਬਾਗ ਸਿੰਘ ਏਐਮਓ ਅਤੇ ਹੋਰ ਸਟਾਫ ਹਾਜ਼ਰ ਸਨ



















