ਬਰਸਾਲਪੁਰ ਵਿਖੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ

2
ਰੂਪਨਗਰ, 10 ਅਗਸਤ 2026 AJ DI Awaaj
Punjab Desk :  ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਰੋਪੜ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਪਿੰਡ ਬਰਸਾਲਪੁਰ, ਬਲਾਕ ਮੋਰਿੰਡਾ ਵਿਖੇ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਸਬੰਧੀ ਪਿੰਡ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਦੇ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ. ਰੋਪੜ, ਡਾ. ਸਤਬੀਰ ਸਿੰਘ ਨੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤ ਵਿੱਚ ਹੀ ਸੰਭਾਲਣ ਅਤੇ ਇਸ ਦੀ ਯੋਗ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਫ਼ਸਲੀ ਰਹਿੰਦ-ਖੂੰਹਦ ਦੇ ਸਹੀ ਪ੍ਰਬੰਧਨ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਮਿੱਟੀ ਵਿੱਚ ਜੈਵਿਕ ਪਦਾਰਥ ਦੀ ਮਾਤਰਾ ਵਧਦੀ ਹੈ।
ਉਨ੍ਹਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸਮਾਰਟ ਸੀਡਰ, ਸਰਫੇਸ ਸੀਡਿੰਗ ਅਤੇ ਹੋਰ ਮਸ਼ੀਨੀ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪਰਾਲੀ ਤੋਂ ਪਸ਼ੂਆਂ ਲਈ ਚਾਰਾ, ਜੈਵਿਕ ਖਾਦ ਅਤੇ ਹੋਰ ਲਾਹੇਵੰਦ ਵਸਤਾਂ ਤਿਆਰ ਕਰਨ ਸਬੰਧੀ ਵੀ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਪ੍ਰੋਫੈਸਰ (ਬਾਗਬਾਨੀ) ਡਾ. ਸੰਜੀਵ ਅਹੂਜਾ ਨੇ ਬਾਗਬਾਨੀ ਫ਼ਸਲਾਂ, ਖ਼ਾਸ ਕਰਕੇ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਵਿੱਚ ਪਰਾਲੀ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੁੰਬਾਂ ਦੀ ਪੈਦਾਵਾਰ ਲਈ ਵੀ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਦਾਬਹਾਰ ਫਲਦਾਰ ਬੂਟੇ ਲਗਾਉਣ ਲਈ ਵੀ ਪ੍ਰੇਰਿਤ ਕਰਦਿਆਂ ਦੱਸਿਆ ਕਿ ਮੌਜੂਦਾ ਸਮਾਂ ਅਜਿਹੇ ਬੂਟੇ ਲਗਾਉਣ ਲਈ ਢੁਕਵਾਂ ਹੈ।
ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਉਰਵੀ ਸ਼ਰਮਾ ਨੇ ਮੌਜੂਦਾ ਮੌਸਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਝੋਨੇ ਦੀ ਫ਼ਸਲ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੀ ਨਿਯਮਤ ਨਿਗਰਾਨੀ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕੀੜਿਆਂ ਜਾਂ ਬਿਮਾਰੀਆਂ ਦਾ ਹਮਲਾ ਨਜ਼ਰ ਆਉਣ ’ਤੇ ਖੇਤੀ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਹੀ ਉਪਰਾਲੇ ਕੀਤੇ ਜਾਣ।
ਉਨ੍ਹਾਂ ਝੋਨੇ ਦੀ ਫ਼ਸਲ ਨੂੰ ਸ਼ੀਥ ਬਲਾਈਟ ਤੋਂ ਬਚਾਉਣ ਲਈ ਵੱਟਾਂ ਨੂੰ ਸਾਫ਼ ਰੱਖਣ ਦੀ ਸਲਾਹ ਦਿੱਤੀ। ਹਮਲਾ ਨਜ਼ਰ ਆਉਣ ’ਤੇ ਪ੍ਰਤੀ ਏਕੜ 200 ਗ੍ਰਾਮ ਅਯਾਨ 48 ਡਬਲਯੂ.ਜੀ. ਜਾਂ 600 ਗ੍ਰਾਮ ਅਵਾਂਸਰ ਗਲੋ 75 ਡਬਲਯੂ.ਜੀ. ਜਾਂ 150 ਮਿਲੀਲਿਟਰ ਪਲਸਰ/ਇਗਲੇਅਰ 24 ਐਸ.ਸੀ. ਜਾਂ 200 ਮਿਲੀਲਿਟਰ ਐਮੀਸਟਾਰ ਟੌਪ 325 ਐਸ.ਸੀ. ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਮੁੱਢਾਂ ਵੱਲ ਰੁਖ ਕਰਕੇ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ।
ਤਣੇ ਦੇ ਗੜੂੰਏ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਦੀਆਂ ਸੁੰਡੀਆਂ ਛੋਟੇ ਬੂਟਿਆਂ ਦੀ ਗੋਭ ਸੁਕਾ ਦਿੰਦੀਆਂ ਹਨ, ਜਦਕਿ ਪੱਛੜੇ ਹਮਲੇ ਦੀ ਸਥਿਤੀ ਵਿੱਚ ਦਾਣਿਆਂ ਤੋਂ ਸੱਖਣੀਆਂ ਚਿੱਟੀਆਂ ਮੁੰਜ਼ਰਾਂ ਦਿਖਾਈ ਦਿੰਦੀਆਂ ਹਨ। ਜਦੋਂ 5 ਫ਼ੀਸਦੀ ਤੋਂ ਵੱਧ ਸੁੱਕੀਆਂ ਗੋਭਾਂ ਨਜ਼ਰ ਆਉਣ ਤਾਂ ਪ੍ਰਤੀ ਏਕੜ 20 ਮਿਲੀਲਿਟਰ ਫੇਮ 480 ਐਸ.ਸੀ. (ਫਲੂਬੈਂਡਾਮਾਈਡ) ਜਾਂ 50 ਗ੍ਰਾਮ ਟਾਕੂਮੀ 20 ਡਬਲਯੂ.ਜੀ. ਜਾਂ 60 ਮਿਲੀਲਿਟਰ ਕੋਰਾਜਨ 18.5 ਐਸ.ਸੀ. (ਕਲੋਰਐਂਟਰਾਨਿਲੀਪਰੋਲ) ਜਾਂ 400 ਗ੍ਰਾਮ ਸੁਪਰੀਮੋ 50 ਡਬਲਯੂ.ਪੀ. ਜਾਂ 170 ਗ੍ਰਾਮ ਮੌਰਟਰ 75 ਐਸ.ਜੀ. (ਕਾਰਟਾਪ ਹਾਈਡ੍ਰੋਕਲੋਰਾਈਡ) ਜਾਂ 80 ਮਿਲੀਲਿਟਰ ਇਕੋਟਿਨ (ਅਜ਼ੈਡੀਰੈਕਟਿਨ 5 ਫ਼ੀਸਦੀ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਦੀ ਸਲਾਹ ਦਿੱਤੀ।
ਇਸ ਕੈਂਪ ਦੌਰਾਨ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਸਾਹਿਤ ਵੀ ਵੰਡਿਆ ਗਿਆ ਅਤੇ ਉਨ੍ਹਾਂ ਵੱਲੋਂ ਪੁੱਛੀਆਂ ਗਈਆਂ ਖੇਤੀਬਾੜੀ ਸਬੰਧੀ ਸਮੱਸਿਆਵਾਂ ਦਾ ਮੌਕੇ ’ਤੇ ਹੀ ਢੁਕਵਾਂ ਹੱਲ ਦੱਸਿਆ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਇਸ ਦੀ ਸੁਚੱਜੀ ਸੰਭਾਲ ਕਰਨ ਦਾ ਅਹਿਦ ਲਿਆ। ਕਿਸਾਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ।