‘ਏਕਓਨਕਾਰ’ ਦਾ ਐਲਾਨ, ਕਵੀ ਰਾਜ ਕਰਨਗੇ ਨਿਰਦੇਸ਼ਨ

4

ਚੰਡੀਗੜ੍ਹ: 14 Aug 2026 AJ DI Awaaj

Chandigarh Desk :    ਪੰਜਾਬੀ ਸਿਨੇਮਾ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਕਵੀ ਰਾਜ ਆਪਣੀ ਨਵੀਂ ਭਾਵਪੂਰਨ ਫਿਲਮ ‘ਏਕਓਨਕਾਰ’ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣ ਲਈ ਤਿਆਰ ਹਨ। ‘ਕਵੀ ਰਾਜ ਸਟੂਡੀਓਜ਼’ ਦੇ ਬੈਨਰ ਹੇਠ ਬਣ ਰਹੀ ਇਹ ਫਿਲਮ ਰੂਹਾਨੀਅਤ ਅਤੇ ਮਨੁੱਖੀ ਸੰਵੇਦਨਾਵਾਂ ਨਾਲ ਜੁੜੇ ਇੱਕ ਗੰਭੀਰ ਵਿਸ਼ੇ ਨੂੰ ਪਰਦੇ ’ਤੇ ਪੇਸ਼ ਕਰੇਗੀ। ਫਿਲਮ ਜਲਦ ਹੀ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਫਿਲਮ ਦਾ ਪਹਿਲਾ ਲੁੱਕ ਜਾਰੀ ਹੋਣ ਤੋਂ ਬਾਅਦ ਹੀ ‘ਏਕਓਨਕਾਰ’ ਚਰਚਾ ਦਾ ਵਿਸ਼ਾ ਬਣ ਗਈ ਹੈ। ਪ੍ਰਾਪਤ ਅਧਿਕਾਰਤ ਜਾਣਕਾਰੀ ਮੁਤਾਬਕ ਇਹ ਫਿਲਮ ਇੱਕ ਅਸਲ ਘਟਨਾ ਤੋਂ ਪ੍ਰੇਰਿਤ ਹੈ। ਕਹਾਣੀ ਇੱਕ ਅਜਿਹੇ ਵਿਅਕਤੀ ਦੇ ਆਲੇ-ਦੁਆਲੇ ਕੇਂਦਰਿਤ ਹੈ, ਜੋ ਨਫ਼ਰਤ ਅਤੇ ਗੁੱਸੇ ਦੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਇੱਕ ਧਾਰਮਿਕ ਅਸਥਾਨ ਵਿੱਚ ਦਾਖ਼ਲ ਹੁੰਦਾ ਹੈ ਅਤੇ ਉੱਥੇ ਮੌਜੂਦ ਮਾਸੂਮ ਲੋਕਾਂ ਦੀਆਂ ਜਾਨਾਂ ਲੈ ਲੈਂਦਾ ਹੈ। ਇਸ ਦੁਖਦਾਈ ਘਟਨਾ ਨੇ ਹੀ ਫਿਲਮ ਦੇ ਨਿਰਮਾਣ ਲਈ ਪ੍ਰੇਰਣਾ ਦਿੱਤੀ ਦੱਸੀ ਜਾ ਰਹੀ ਹੈ।

ਫਿਲਮ ਦੀ ਕਾਸਟ, ਰਿਲੀਜ਼ ਮਿਤੀ ਅਤੇ ਹੋਰ ਅਹਿਮ ਵੇਰਵਿਆਂ ਨੂੰ ਫਿਲਹਾਲ ਗੁਪਤ ਰੱਖਿਆ ਗਿਆ ਹੈ। ਹਾਲਾਂਕਿ ਪਹਿਲੇ ਲੁੱਕ ਨੇ ਦਰਸ਼ਕਾਂ ਵਿੱਚ ਫਿਲਮ ਨੂੰ ਲੈ ਕੇ ਉਤਸੁਕਤਾ ਜ਼ਰੂਰ ਵਧਾ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਬ੍ਰਿਟਿਸ਼ ਅਦਾਕਾਰ, ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਕਵੀ ਰਾਜ ਪੰਜਾਬੀ ਸਿਨੇਮਾ ਦੇ ਨਾਲ-ਨਾਲ ਅੰਤਰਰਾਸ਼ਟਰੀ ਫਿਲਮ ਜਗਤ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਨਿਰਦੇਸ਼ਕੀ ਸਫ਼ਰ ਦੌਰਾਨ ਕਈ ਇਤਿਹਾਸਕ ਅਤੇ ਪ੍ਰਭਾਵਸ਼ਾਲੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।

ਕਵੀ ਰਾਜ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਜੀਵਨ ’ਤੇ ਆਧਾਰਿਤ ਅੰਤਰਰਾਸ਼ਟਰੀ ਪੰਜਾਬੀ ਫਿਲਮ ‘ਦਿ ਬਲੈਕ ਪ੍ਰਿੰਸ’ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ’ਤੇ ਆਧਾਰਿਤ ‘ਸਰਾਭਾ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਕਈ ਅੰਤਰਰਾਸ਼ਟਰੀ ਪ੍ਰੋਜੈਕਟਾਂ ਨਾਲ ਵੀ ਜੁੜੇ ਰਹੇ ਹਨ।

ਹੁਣ ‘ਏਕਓਨਕਾਰ’ ਰਾਹੀਂ ਕਵੀ ਰਾਜ ਇੱਕ ਸੰਵੇਦਨਸ਼ੀਲ ਅਤੇ ਗੰਭੀਰ ਵਿਸ਼ੇ ਨੂੰ ਸਿਨੇਮਾਈ ਰੂਪ ਦੇਣ ਜਾ ਰਹੇ ਹਨ, ਜਿਸ ਤੋਂ ਪੰਜਾਬੀ ਦਰਸ਼ਕਾਂ ਦੇ ਨਾਲ-ਨਾਲ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਵੀ ਕਾਫ਼ੀ ਉਮੀਦਾਂ ਹਨ।