ਰੂਪਨਗਰ, 8 ਜੂਨ 2026 AJ DI Awaaj
Punjab Desk : ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਚਲਾਈ ਜਾ ਰਹੀ ਪ੍ਰਸਿੱਧ ਸਕੀਮ “ਉਰਦੂ ਆਮੋਜ਼” ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਰੂਪਨਗਰ ਵੱਲੋਂ ਉਰਦੂ ਭਾਸ਼ਾ ਸਿੱਖਣ ਲਈ ਨਵੇਂ ਦਾਖ਼ਲੇ ਸ਼ੁਰੂ ਕਰ ਦਿੱਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਵਿਭਾਗ ਦਫਤਰ ਤੋਂ ਕਲਰਕ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਮੌਜੂਦਾ ਸੈਸ਼ਨ (ਜਨਵਰੀ 2026 ਤੋਂ ਜੂਨ 2026) ਦੀ ਪ੍ਰੀਖਿਆ 2 ਜੁਲਾਈ 2026 ਨੂੰ ਕਰਵਾਈ ਜਾਵੇਗੀ। ਇਸ ਉਪਰੰਤ ਨਵਾਂ ਸੈਸ਼ਨ 3 ਜੁਲਾਈ 2026 ਤੋਂ ਸ਼ੁਰੂ ਹੋਵੇਗਾ, ਜਿਸ ਦੀ ਅੰਤਿਮ ਪ੍ਰੀਖਿਆ ਦਸੰਬਰ 2026 ਦੇ ਆਖ਼ਰੀ ਹਫ਼ਤੇ ਵਿੱਚ ਲਈ ਜਾਵੇਗੀ।
ਸ. ਕੁਲਵੰਤ ਸਿੰਘ ਨੇ ਕਿਹਾ ਕਿ ਉਰਦੂ ਅਦਬ, ਸ਼ਾਇਰੀ ਅਤੇ ਤਹਜ਼ੀਬ ਦੀ ਬਹੁਤ ਹੀ ਮਿੱਠੀ ਅਤੇ ਪ੍ਰਭਾਵਸ਼ਾਲੀ ਭਾਸ਼ਾ ਹੈ। ਇਸ ਭਾਸ਼ਾ ਨੂੰ ਸਿੱਖ ਕੇ ਨਾ ਸਿਰਫ਼ ਆਪਣੇ ਗਿਆਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਸਗੋਂ ਆਪਣੀ ਸ਼ਖ਼ਸੀਅਤ ਅਤੇ ਯੋਗਤਾ ਨੂੰ ਵੀ ਨਿਖਾਰਿਆ ਜਾ ਸਕਦਾ ਹੈ। ਉਰਦੂ ਦੀ ਮਿੱਠਾਸ, ਅਦਬੀ ਪਰੰਪਰਾ ਅਤੇ ਖ਼ੂਬਸੂਰਤ ਲਿਖਤ ਹਰ ਵਿਅਕਤੀ ਨੂੰ ਆਪਣੀ ਵੱਲ ਆਕਰਸ਼ਿਤ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਕੋਰਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਦਾਖ਼ਲੇ ਲਈ ਕਿਸੇ ਵੀ ਤਰ੍ਹਾਂ ਦੀ ਉਮਰ ਸੀਮਾ ਨਿਰਧਾਰਿਤ ਨਹੀਂ ਕੀਤੀ ਗਈ। ਜ਼ਿਲ੍ਹਾ ਰੂਪਨਗਰ ਦਾ ਕੋਈ ਵੀ ਇਸਤਰੀ ਜਾਂ ਪੁਰਸ਼, ਵਿਦਿਆਰਥੀ, ਮੁਲਾਜ਼ਮ, ਕਾਰੋਬਾਰੀ ਜਾਂ ਸੇਵਾਮੁਕਤ ਵਿਅਕਤੀ ਇਸ ਕੋਰਸ ਵਿੱਚ ਦਾਖ਼ਲਾ ਲੈ ਕੇ ਉਰਦੂ ਭਾਸ਼ਾ ਸਿੱਖ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਛੇ ਮਹੀਨਿਆਂ ਦੇ ਇਸ ਕੋਰਸ ਲਈ ਕੁੱਲ ਫ਼ੀਸ ਕੇਵਲ 500 ਰੁਪਏ ਹੈ। ਸਿਖਲਾਈ ਦਾ ਕਾਰਜ ਉਰਦੂ ਦੀ ਤਜਰਬੇਕਾਰ ਅਧਿਆਪਿਕਾ ਮੁਹਤਰਮਾ ਜ਼ੈਬੂਨ ਨਿਸ਼ਾ ਵੱਲੋਂ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ ਜ਼ਿਲ੍ਹਾ ਭਾਸ਼ਾ ਦਫ਼ਤਰ, ਰੂਪਨਗਰ, ਕਮਰਾ ਨੰਬਰ 326-327 ਵਿਖੇ ਸੰਪਰਕ ਕਰਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ ਅਤੇ ਦਾਖ਼ਲਾ ਫਾਰਮ ਪ੍ਰਾਪਤ ਕਰ ਸਕਦੇ ਹਨ।
ਸ. ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਉਰਦੂ ਭਾਸ਼ਾ ਸਿੱਖ ਕੇ ਆਪਣੇ ਗਿਆਨ ਅਤੇ ਅਦਬੀ ਦਾਇਰੇ ਨੂੰ ਹੋਰ ਵਿਸ਼ਾਲ ਬਣਾਉਣ।













