ਡੇਂਗੂ ‘ਤੇ ਵਾਰ ਤਹਿਤ ਡੇਂਗੂ ਦੀ ਰੋਕਥਾਮ ਲਈ ਗਤੀਵਿਧੀਆਂ ਜਾਰੀ

2

ਬਰਨਾਲਾ, 15 ਸਤੰਬਰ 2026 AJ DI Awaaj

Punjab Desk :     ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ ਡੇਂਗੂ ਤੋਂ ਬਚਾਅ ਲਈ “ਹਰ ਸੋਮਵਾਰ, ਡੇਂਗੂ ‘ਤੇ ਵਾਰ” ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਫੈਕਟਰੀਆਂ, ਉਦਯੋਗਿਕ ਇਕਾਈਆਂ, ਉਸਾਰੀ ਅਧੀਨ ਇਮਾਰਤਾਂ, ਜ਼ਿਲ੍ਹਾ ਜੇਲ੍ਹ ਅਤੇ ਆਮ ਘਰਾਂ ਵਿੱਚ ਜਾ ਕੇ ਮੱਛਰਾਂ ਦੇ ਫੈਲਣ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਆਮ ਲੋਕਾਂ ਨੂੰ ਡੇਂਗੂ ਦੇ ਬਚਾਅ ਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਚਾਰਜ ਸਿਵਲ ਸਰਜਨ-ਕਮ-ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਡਾ. ਗੁਰਮਿੰਦਰ ਕੌਰ ਔਜਲਾ ਨੇ ਕੀਤਾ।
ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ਼ ਕੁਮਾਰ ਅਤੇ ਡਾ. ਸਾਖਸ਼ੀ ਸੋਨੀ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਸਰੀਰ ‘ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ਵਿੱਚੋਂ ਖ਼ੂਨ ਆਉਣਾ ਵਰਗੇ ਲੱਛਣ ਮਹਿਸੂਸ ਹੋਣ, ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ।
ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੱਲ੍ਹ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਲਈ ਆਪਣੇ ਘਰਾਂ, ਦੁਕਾਨਾਂ ਅਤੇ ਵਰਕਸ਼ਾਪਾਂ ਵਿੱਚ ਪਏ ਟਾਇਰਾਂ, ਘੜਿਆਂ, ਪਾਣੀ ਵਾਲੀਆਂ ਖੇਲਾਂ, ਗਮਲਿਆਂ, ਕੂਲਰਾਂ ਅਤੇ ਫਰਿੱਜ ਦੀਆਂ ਬੈਕ-ਟਰੇਆਂ ਆਦਿ ਦਾ ਪਾਣੀ ਹਫ਼ਤੇ ਦੇ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਖਾਲੀ ਕਰਕੇ ਧੁੱਪ ਵਿੱਚ ਸੁਕਾਉਣਾ ਚਾਹੀਦਾ ਹੈ, ਤਾਂ ਜੋ ਮੱਛਰ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਬਲਰਾਜ ਸਿੰਘ ਨੇ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਸਿਹਤ ਕਰਮਚਾਰੀਆਂ ਵੱਲੋਂ ਆਮ ਲੋਕਾਂ ਨਾਲ ਗਰੁੱਪ ਮੀਟਿੰਗਾਂ ਕਰਕੇ, ਪੈੰਫਲੈਟਸ ਅਤੇ ਪੋਸਟਰਾਂ ਰਾਹੀਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।