ਅੰਮ੍ਰਿਤਸਰ: 11 Sep 2026 AJ DI Awaaj
Punjab Desk : ਅੰਮ੍ਰਿਤਸਰ ਵਿੱਚ ਘਰੇਲੂ ਕਮੇਟੀਆਂ ਦੇ ਨਾਂ ’ਤੇ 40 ਤੋਂ ਵੱਧ ਪਰਿਵਾਰਾਂ ਨਾਲ ਕਥਿਤ ਧੋ*ਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕਮੇਟੀਆਂ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਵਾਏ ਸਨ, ਪਰ ਕਮੇਟੀ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਕਮ ਵਾਪਸ ਨਹੀਂ ਮਿਲੀ। ਇਸ ਤੋਂ ਬਾਅਦ ਪੀੜਤਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ।
ਪੀੜਤਾਂ ਮੁਤਾਬਕ ਬਲਜਿੰਦਰ ਸਿੰਘ ਨਾਮਕ ਵਿਅਕਤੀ ਪਿਛਲੇ ਕਰੀਬ 17 ਸਾਲਾਂ ਤੋਂ ਲੋਕਾਂ ਵਿੱਚ ਕਮੇਟੀਆਂ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੋਇਆ ਸੀ। ਪੀੜਤਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਕਮੇਟੀਆਂ ਵਿੱਚ ਪ੍ਰਤੀ ਪਰਿਵਾਰ ਕਰੀਬ ਦੋ ਲੱਖ ਰੁਪਏ ਤੱਕ ਜਮ੍ਹਾਂ ਕਰਵਾਏ ਸਨ।
ਪੀੜਤਾਂ ਅਨੁਸਾਰ ਕਰੀਬ 40 ਮੈਂਬਰਾਂ ਦੀ ਕੁੱਲ ਰਕਮ ਲਗਭਗ 1.20 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕਮੇਟੀ ਦੀ ਮਿਆਦ ਪੂਰੀ ਹੋਣ ਅਤੇ ਪੈਸੇ ਵਾਪਸ ਕਰਨ ਦਾ ਸਮਾਂ ਆਉਣ ’ਤੇ ਬਲਜਿੰਦਰ ਸਿੰਘ ਕਥਿਤ ਤੌਰ ’ਤੇ ਗਾਇਬ ਹੋ ਗਿਆ।
ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਕਈ ਦਿਹਾੜੀਦਾਰ ਅਤੇ ਛੋਟੇ ਕਾਰੋਬਾਰ ਨਾਲ ਜੁੜੇ ਹੋਏ ਹਨ। ਕਈ ਲੋਕਾਂ ਨੇ ਘਰੇਲੂ ਜ਼ਰੂਰਤਾਂ ਨੂੰ ਪਿੱਛੇ ਰੱਖ ਕੇ ਕਮੇਟੀ ਦੀਆਂ ਕਿਸ਼ਤਾਂ ਭਰੀਆਂ ਸਨ। ਇੱਕ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੀਆਂ ਤਿੰਨ ਕਮੇਟੀਆਂ ਸਨ ਅਤੇ ਪਰਿਵਾਰ ਦੇ ਕਰੀਬ ਪੰਜ ਲੱਖ ਰੁਪਏ ਫਸੇ ਹੋਏ ਹਨ। ਪੀੜਤਾਂ ਦਾ ਕਹਿਣਾ ਹੈ ਕਿ ਉਹ ਲਗਭਗ ਤਿੰਨ ਮਹੀਨਿਆਂ ਤੱਕ ਬਲਜਿੰਦਰ ਸਿੰਘ ਨੂੰ ਲੱਭਦੇ ਰਹੇ।
ਪੀੜਤਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਦੀ ਰਕਮ ਵਾਪਸ ਕਰਵਾਉਣ ਅਤੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਡੀਸੀ ਦਫ਼ਤਰ ਵੀ ਪਹੁੰਚੇ ਸਨ।
ਉੱਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲੀ ਹੈ। ਪੀੜਤਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਅਤੇ ਦਰਖਾਸਤ ਦੀ ਜਾਂਚ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

















