ਬਰਨਾਲਾ,10 ਨਵੰਬਰ 2026 AJ DI Awaaj
Punjab Desk : ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਉੱਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ.ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੰਬਰ-2026 ਨੂੰ ਪੰਜਾਬੀ ਮਹੀਨੇ ਵਜੋਂ ਮਨਾਏ ਜਾਣ ਦੀ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਬਰਨਾਲਾ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਸਾਹਿਤਕ,ਕ੍ਰਾਂਤੀਕਾਰੀ ਅਤੇ ਮਜ਼ਦੂਰ ਸਭਾਵਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਬਰਨਾਲਾ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ।ਸਮਾਗਮ ‘ਚ ‘ਸੰਤ ਰਾਮ ਉਦਾਸੀ ਦਾ ਕਾਵਿ-ਸੰਸਾਰ” ਵਿਸ਼ੇ ‘ਤੇ ਚਰਚਾ ਅਤੇ “ਪੰਜਾਬੀ ਕਵੀ ਦਰਬਾਰ”ਕਰਵਾਇਆ ਗਿਆ। ਸਮਾਗਮ ‘ਚ ਲੇਖਕਾਂ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ਨਾਲ ਹੋਈ। ਉਪਰੰਤ ਬਿੰਦਰ ਸਿੰਘ ਖੁੱਡੀ ਕਲਾਂ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਮਾਗਮ ‘ਚ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਹਿਣ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਰਾਹੀਂ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਏ ਜਾਣ ਦੇ ਮਨੋਰਥ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।
ਸਮਾਗਮ ਦੀ ਪ੍ਰਧਾਨਗੀ ਲੋਕ ਕਵੀ ਸੰਤ ਰਾਮ ਉਦਾਸੀ ਦੀ ਧਰਮ ਪਤਨੀ ਮਾਤਾ ਨਸੀਬ ਕੌਰ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.)ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੰਤ ਰਾਮ ਉਦਾਸੀ ਪੰਜਾਬੀ ਲੋਕ-ਕਾਵਿ ਦੇ ਅਜਿਹੇ ਅਮਰ ਹਸਤਾਖਰ ਹਨ।ਜਿਨ੍ਹਾਂ ਦੀ ਕਵਿਤਾ ਨੇ ਹਮੇਸ਼ਾ ਦੱਬੇ-ਕੁਚਲੇ, ਮਜ਼ਲੂਮਾਂ ਅਤੇ ਕਿਰਤੀ ਵਰਗ ਦੀ ਆਵਾਜ਼ ਬੁਲੰਦ ਕੀਤੀ ਹੈ।ਮੁੱਖ ਬੁਲਾਰੇ ਵਜੋਂ “ਲੋਕ ਕਵੀ ਸੰਤ ਰਾਮ ਉਦਾਸੀ ਦੇ ਕਾਵਿ-ਸੰਸਾਰ” ਬਾਰੇ ਬੋਲਦਿਆਂ ਇਨਕਲਾਬੀ ਕੇਂਦਰ ਆਗੂ ਨਰਾਇਣ ਦੱਤ ਨੇ ਕਿਹਾ ਕਿ ਸੰਤ ਰਾਮ ਉਦਾਸੀ ਦਾ ਜੀਵਨ ਦਰਸ਼ਨ ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਬਰਾਬਰੀ ਦੀ ਪੈਰਵੀ ਕਰਦਾ ਹੈ ਅਤੇ ਉਨ੍ਹਾਂ ਦੀ ਵਿਚਾਰਧਾਰਾ ਸਾਨੂੰ ਹੱਕ-ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ।
ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ‘ਚ ਸ਼ਿਰਕਤ ਕਰਦਿਆਂ ਬੂਟਾ ਸਿੰਘ ਚੌਹਾਨ,ਮੈਂਬਰ ਭਾਰਤੀ ਸਾਹਿਤ ਅਕਾਦਮੀ,ਡਾ.ਜੋਗਿੰਦਰ ਸਿੰਘ ਨਿਰਾਲਾ ਕਹਾਣੀਕਾਰ ਅਤੇ ਆਲੋਚਕ,ਤੇਜਾ ਸਿੰਘ ਤਿਲਕ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਰਨਾਲਾ, ਪੱਤਰਕਾਰ ਅਤੇ ਲੇਖਕ ਸੀ.ਮਾਰਕੰਡਾ, ਸੁਰਜੀਤ ਸਿੰਘ ਦਿਹੜ, ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਕਿਹਾ ਕਿ ਉਦਾਸੀ ਜੀ ਦੀਆਂ ਰਚਨਾਵਾਂ ਸਮਾਜ ਵਿੱਚ ਇਨਕਲਾਬੀ ਸੋਚ ਅਤੇ ਚੇਤਨਾ ਪੈਦਾ ਕਰਨ ਲਈ ਅੱਜ ਵੀ ਓਨੀਆਂ ਹੀ ਸਾਰਥਕ ਤੇ ਪ੍ਰਸੰਗਿਕ ਹਨ। ਡਾ. ਜਸਵੀਰ ਸਿੰਘ ਔਲਖ,ਗਿਆਨੀ ਕਰਮ ਸਿੰਘ ਭੰਡਾਰੀ, ਸੋਹਣ ਸਿੰਘ ਮਾਝੀ,ਮਾਸਟਰ ਰਜਿੰਦਰ ਭਦੌੜ ਨੇ ਸੰਤ ਰਾਮ ਉਦਾਸੀ ਦੇ ਕਾਵਿ-ਸੰਸਾਰ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਲੇਖਣੀ ਪੰਜਾਬੀ ਸਾਹਿਤ ਦਾ ਅਣਮੁੱਲਾ ਸਰਮਾਇਆ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡਾ ਸਭ ਦਾ ਨੈਤਿਕ ਫ਼ਰਜ਼ ਹੈ। ਬੁਲਾਰਿਆਂ ਨੇ ਅੱਗੇ ਬੋਲਦਿਆਂ ਕਿਹਾ ਕਿ ਉਦਾਸੀ ਜੀ ਨੇ ਆਪਣੀ ਕਲਮ ਰਾਹੀਂ ਸਮਾਜਿਕ ਨਾਬਰਾਬਰੀ, ਲੁੱਟ-ਖੋਹ ਅਤੇ ਧੱਕੇਸ਼ਾਹੀ ਵਿਰੁੱਧ ਜੋ ਆਵਾਜ਼ ਉਠਾਈ, ਉਹ ਅੱਜ ਵੀ ਲੋਕ-ਸੰਘਰਸ਼ਾਂ ਦਾ ਮਾਰਗਦਰਸ਼ਨ ਕਰਦੀ ਹੈ।
ਸਮਾਗਮ ਦੇ ਦੂਜੇ ਪੜਾਅ ਦੌਰਾਨ ਵਿਸ਼ਾਲ ਕਵੀ ਦਰਬਾਰ ਹੋਇਆ।ਜਿਸ ਵਿੱਚ ਇਲਾਕੇ ਦੇ ਨਾਮਵਰ ਕਵੀਆਂ ਅਤੇ ਸ਼ਾਇਰਾਂ ਨੇ ਭਾਗ ਲਿਆ। ਇਸ ਕਵੀ ਦਰਬਾਰ ਦੌਰਾਨ ਰਾਮ ਸਰੂਪ ਸ਼ਰਮਾ, ਸਾਗਰ ਸਿੰਘ ਸਾਗਰ, ਰਾਜਿੰਦਰ ਕੁਮਾਰ ਸ਼ੌਂਕੀ, ਜਗਜੀਤ ਕੌਰ ਢਿੱਲਵਾਂ, ਰਜਨੀਸ਼ ਕੌਰ ਬਬਲੀ, ਡਾ. ਹਰਪ੍ਰੀਤ ਕੌਰ ਰੂਬੀ, ਡਾ. ਗਗਨਦੀਪ ਕੌਰ, ਜਗਜੀਤ ਗੁਰਮ, ਗੁਰਪਾਲ ਸਿੰਘ ਬਿਲਾਵਲ, ਰਘਵੀਰ ਸਿੰਘ ਗਿੱਲ ਕੱਟੂ,ਜਗਤਾਰ ਪੱਖੋ, ਰੁਪਿੰਦਰ ਕੌਰ ਸ਼ਹਿਣਾ, ਮਨਨ ਕੌਸ਼ਲ ਮਨੀ,ਜਸਵੀਰ ਕੌਰ ਬਦਰਾ, ਪਰਮਜੀਤ ਸਿੰਘ ਰਾਜਗੜ, ਪ੍ਰੋ.ਰਮਨਦੀਪ ਕੌਰ ਧਾਲੀਵਾਲ, ਅਜਮੇਰ ਅਕਲੀਆ, ਅਮਰਜੀਤ ਅਮਨ ਧੂਰੀ, ਇਕਬਾਲ ਦੀਨ,ਸੁਰਿੰਦਰ ਭੱਠਲ,
ਜਗਤਾਰ ਜਜ਼ੀਰਾ ਅਤੇ ਹਾਕਮ ਸਿੰਘ ਨੂਰ ਨੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਇਨਕਲਾਬੀ ਗੀਤ ਅਤੇ ਭਾਵਪੂਰਤ ਕਵਿਤਾਵਾਂ ਪੇਸ਼ ਕੀਤੀਆਂ। ਵੱਖ-ਵੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਲੋਕ ਕਵੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਮੌਜੂਦਾ ਸਮਾਜਿਕ ਹਾਲਾਤਾਂ ‘ਤੇ ਤਿੱਖੇ ਕਾਵਿ-ਵਿਅੰਗ ਵੀ ਕੱਸੇ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਹਰਦੀਪ ਸਿੰਘ ਪੰਜਾਬੀ ਮਾਸਟਰ ਵੱਲੋਂ ਬਹੁਤ ਹੀ ਸੁਚੱਜੇ ਅਤੇ ਰੌਚਕ ਢੰਗ ਨਾਲ ਨਿਭਾਈ ਗਈ।
ਸਮਾਗਮ ਦੇ ਅੰਤ ‘ਚ ਲੋਕ ਕਵੀ ਸੰਤ ਰਾਮ ਉਦਾਸੀ ਦੀ ਪੁੱਤਰੀ ਇਕਬਾਲ ਕੌਰ ਉਦਾਸੀ ਅਤੇ ਪੁੱਤਰ ਮੋਹਕਮ ਸਿੰਘ ਨੇ ਭਾਵੁਕ ਹੁੰਦਿਆਂ ਆਪਣੇ ਪਿਤਾ ਜੀ ਦੀਆਂ ਯਾਦਾਂ, ਸੰਘਰਸ਼ਮਈ ਜੀਵਨ ਅਤੇ ਉਨ੍ਹਾਂ ਦੇ ਇਨਕਲਾਬੀ ਸਫ਼ਰ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ। ਉਨ੍ਹਾਂ ਨੇ ਭਾਸ਼ਾ ਵਿਭਾਗ ਅਤੇ ਸਮੂਹ ਪੰਜਾਬੀ ਪ੍ਰੇਮੀਆਂ ਦਾ ਆਪਣੇ ਪਿਤਾ ਜੀ ਦੀ ਵਿਰਾਸਤ ਨੂੰ ਸੰਭਾਲਣ ਅਤੇ ਇਹ ਸਮਾਗਮ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਭਾਸ਼ਾ ਦਫ਼ਤਰ ਵੱਲੋਂ ਸੰਤ ਰਾਮ ਉਦਾਸੀ ਦੀ ਧਰਮ ਪਤਨੀ ਨੂੰ ਵਿਭਾਗੀ ਲੋਈ ਅਤੇ ਟਰਾਫੀ਼ ਨਾਲ ਸਨਮਾਨਿਤ ਕੀਤਾ ਗਿਆ। ਸਮੂਹ ਪ੍ਰਧਾਨਗੀ ਮੰਡਲ ਦਾ ਵਿਭਾਗੀ ਲੋਈਆਂ ਨਾਲ ਸਨਮਾਨ ਕਰਨ ਦੇ ਨਾਲ ਨਾਲ ਕਵੀਆਂ ਅਤੇ ਬਾਕੀ ਬੁਲਾਰਿਆਂ ਨੂੰ ਵਿਭਾਗੀ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਪ੍ਰਬੰਧਾਂ ਵਿੱਚ ਦਫ਼ਤਰ ਕਲਰਕ ਸੰਦੀਪ ਕੌਰ ਅਤੇ ਗੁਰਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਬੇਦੀ, ਬਿੱਕਰ ਸਿੰਘ ਔਲਖ, ਕੁਲਦੀਪ ਰਾਣੀ,ਪੱਤਰਕਾਰ ਅਸ਼ੋਕ ਭਾਰਤੀ, ਪੱਤਰਕਾਰ ਪਰਛੋਤਮ ਬੱਲੀ, ਪੱਤਰਕਾਰ ਨਵਕਿਰਨ ਪੱਤੀ, ਪੱਤਰਕਾਰ ਲਖਵਿੰਦਰ ਸ਼ਰਮਾ, ਪੱਤਰਕਾਰ ਨੀਰਜ ਮੰਗਲਾ,ਸੁਖਵਿੰਦਰ ਸਿੰਘ ਢਿੱਲਵਾਂ, ਰਾਮ ਸਿੰਘ ਬੀਹਲਾ, ਅਮਿਤ ਮਿੱਤਰ, ਸਰਵਣ ਸਿੰਘ ਕਾਲਾਬੂਲਾ, ਸੁਦਰਸ਼ਨ ਗੁੱਡੂ ਖੇਡ, ਸੁਰਿੰਦਰ ਭੱਠਲ, ਹਰਚਰਨ ਸਿੰਘ ਚਹਿਲ (ਜ਼ਮਹੂਰੀ ਅਧਿਕਾਰ ਸਭਾ), ਚਰਨਜੀਤ ਕੌਰ (ਇਸਤਰੀ ਜਾਗ੍ਰਿਤੀ ਮੰਚ), ਸਵਰਨਜੀਤ ਕੌਰ, ਜਸਵਿੰਦਰ ਕੌਰ, ਮੈਡਮ ਕੋਮਲ ਬੁਝਾਨੀ, ਸੁਖਵਿੰਦਰ ਸਿੰਘ ਰਾਏਸਰ, ਕੁਲਵਿੰਦਰ ਕੌਰ ਰਾਏਸਰ, ਮੇਜਰ ਸਿੰਘ ਸਹੌਰ, ਡਾ. ਰਜਿੰਦਰ ਬਰਨਾਲਾ, ਸੁਖਵਿੰਦਰ ਸਿੰਘ ਠੀਕਰੀਵਾਲਾ, ਹੈਡਮਾਸਟਰ ਕਮਲਜੀਤ ਨੰਗਲ, ਹੈਡਮਾਸਟਰ ਕੁਲਦੀਪ ਸਿੰਘ ਕਮਲ ਛਾਪਾ, ਸੁਖਦਰਸ਼ਨ ਕੌਰ, ਗੁਲਜ਼ਾਰ ਸ਼ੌਂਕੀ ਧੂਰੀ, ਪੱਤਰਕਾਰ ਹਰਜੀਤ ਸਿੰਘ ਕਾਤਿਲ, ਸੁਰਿੰਦਰ ਸ਼ਰਮਾ ਰਾਏਸਰ, ਦਰਸ਼ਨ ਸਿੰਘ ਠੀਕਰੀਵਾਲਾ, ਗਗਨਦੀਪ ਕੌਰ ਰਾਏਸਰ, ਵਿਦਿਆਰਥੀ ਰਾਜਦੀਪ ਸਿੰਘ, ਹਰਜੀਤ ਸਿੰਘ ਖਿਆਲੀ, ਗੋਬਿੰਦ ਸਿੰਘ ਸ਼ੇਰਪੁਰ, ਪਰਮਜੀਤ ਕੌਰ ਜੋਧਪੁਰ ਅਤੇ ਜੁਗਰਾਜ ਸ਼ਰਮਾ ਰਾਏਸਰ ਆਦਿ ਤੋਂ ਵੱਡੀ ਗਿਣਤੀ ਵਿੱਚ ਲੇਖਕ,ਪਾਠਕ, ਇਨਕਲਾਬੀ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

















