ਸੋਸ਼ਲ ਮੀਡੀਆ ’ਤੇ ਵੀ ਆਪਣੀ ਪਛਾਣ ਰੱਖਣ ਵਾਲੇ ਗੁਰਨਾਜ ਚਾਹਲ ਇਸ ਤੋਂ ਪਹਿਲਾਂ ਪੰਜਾਬੀ ਫਿਲਮ ‘ਚੌਰਾ’ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਧਿਆਨ ਖਿੱਚ ਚੁੱਕੇ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਫਿਲਮ ‘ਚੱਕਵੇਂ’ ਦੀ ਕਹਾਣੀ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਹੈਪੀ ਰੋਡੇ ਨੇ ਨਿਭਾਈ ਹੈ। ਫਿਲਮ ਦੀ ਸਟਾਰ ਕਾਸਟ ਵਿੱਚ ਵਿਸ਼ਾਲ ਬਰਾੜ, ਕਰਤਾਰ ਚੀਮਾ, ਹਰਪ੍ਰੀਤ ਬੈਂਸ, ਬਲਵਿੰਦਰ ਧਾਲੀਵਾਲ ਅਤੇ ਰਾਜ ਧਾਲੀਵਾਲ ਸਮੇਤ ਕਈ ਕਲਾਕਾਰ ਸ਼ਾਮਲ ਹਨ। ਇਹ ਫਿਲਮ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਅਤੇ ਸੋਚ ਨੂੰ ਦਰਸਾਏਗੀ।
ਗੁਰਨਾਜ ਚਾਹਲ ਮੁਤਾਬਕ, ਇਸ ਫਿਲਮ ਵਿੱਚ ਦਰਸ਼ਕਾਂ ਨੂੰ ਉਨ੍ਹਾਂ ਦਾ ਇੱਕ ਨਵਾਂ ਅੰਦਾਜ਼ ਦੇਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਉਹ ‘ਖੱਟਾ ਮਿੱਠਾ ਇਸ਼ਕ ਫਰਾਈ’, ‘ਵਾਰਨਿੰਗ 3’ ਅਤੇ ‘ਸਿਦਕ’ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆਉਣਗੇ।
ਮੂਲ ਰੂਪ ਵਿੱਚ ਬਟਾਲਾ ਨਾਲ ਸਬੰਧਤ ਗੁਰਨਾਜ ਚਾਹਲ ਆਪਣੀ ਅਦਾਕਾਰੀ ਦੇ ਸਫ਼ਰ ਨੂੰ ਅੱਗੇ ਵਧਾ ਰਹੇ ਹਨ। ਅਦਾਕਾਰ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਦੇਵ ਖਰੌੜ ਅਤੇ ਸਿੰਮੀ ਚਾਹਲ ਵਰਗੇ ਕਲਾਕਾਰਾਂ ਤੋਂ ਵੀ ਉਨ੍ਹਾਂ ਨੂੰ ਪ੍ਰੇਰਨਾ ਮਿਲੀ ਹੈ।



















