ਥਾਈਲੈਂਡ ਦੇ ਉਬੋਨ ਰਾਤਚਾਥਾਨੀ ਵਿੱਚ 1 ਤੋਂ 8 ਨਵੰਬਰ ਤੱਕ ਹੋਏ ਇਸ ਮੁਕਾਬਲੇ ਵਿੱਚ 25 ਦੇਸ਼ਾਂ ਦੇ 104 ਵਿਦਿਆਰਥੀਆਂ ਨੇ ਹਿੱਸਾ ਲਿਆ। ਭਾਰਤ ਵੱਲੋਂ ਪੰਜ ਵਿਦਿਆਰਥੀਆਂ ਦੀ ਟੀਮ ਨੇ ਮੁਕਾਬਲੇ ਵਿੱਚ ਭਾਗ ਲਿਆ।
ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮਜ਼ (NCSM) ਅਨੁਸਾਰ, ਪੁਡੂਚੇਰੀ ਦੇ ਸਿਧਾਰਥ ਲਕਸ਼ਮੀਸ਼ਾ ਅਤੇ ਗੁਜਰਾਤ ਦੀ ਸਵਰਾ ਸ੍ਰੁਜਲ ਪਟੇਲ ਨੇ ਸੋਨੇ ਦੇ ਤਗਮੇ ਜਿੱਤੇ। ਰਾਜਸਥਾਨ ਦੇ ਆਰਨਾ ਚਪਲੋਟ ਅਤੇ ਕ੍ਰਿਸ਼ ਭਾਸਕਰ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ, ਜਦਕਿ ਮਹਾਰਾਸ਼ਟਰ ਦੀ ਅਕਸ਼ਰਾ ਗੁਲਾਬ ਅੰਬੋਨੇ ਨੇ ਕਾਂਸੀ ਦਾ ਤਗਮਾ ਜਿੱਤਿਆ।
NCSM ਦੇ ਡਾਇਰੈਕਟਰ ਜਨਰਲ ਕੇ. ਐੱਸ. ਮੁਰਲੀ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਮਿਹਨਤ, ਵਿਗਿਆਨਕ ਯੋਗਤਾ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ।
ਸੋਨ ਤਗਮਾ ਜੇਤੂ ਸਵਰਾ ਪਟੇਲ ਨੇ ਕਿਹਾ ਕਿ ਅੰਤਰਰਾਸ਼ਟਰੀ ਮੰਚ ’ਤੇ ਭਾਰਤ ਦੀ ਨੁਮਾਇੰਦਗੀ ਕਰਨਾ ਅਤੇ ਵੱਖ-ਵੱਖ ਦੇਸ਼ਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨਾਲ ਮੁਕਾਬਲਾ ਕਰਨਾ ਉਸ ਲਈ ਬੇਹੱਦ ਯਾਦਗਾਰੀ ਤਜਰਬਾ ਰਿਹਾ। ਉੱਥੇ ਹੀ ਚਾਂਦੀ ਦਾ ਤਗਮਾ ਜਿੱਤਣ ਵਾਲੇ ਕ੍ਰਿਸ਼ ਭਾਸਕਰ ਨੇ ਕਿਹਾ ਕਿ ਉਹ ਭਵਿੱਖ ਵਿੱਚ ਖਗੋਲ-ਭੌਤਿਕ ਵਿਗਿਆਨੀ ਬਣਨਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਮੁਕਾਬਲੇ ਲਈ ਚੁਣੇ ਗਏ 25 ਵਿਦਿਆਰਥੀਆਂ ਨੂੰ NCSM ਵੱਲੋਂ ਸਿਧਾਂਤਕ ਅਤੇ ਨਿਰੀਖਣ ਖਗੋਲ ਵਿਗਿਆਨ, ਸਮੱਸਿਆਵਾਂ ਦੇ ਹੱਲ ਅਤੇ ਰਾਤ ਦੇ ਅਸਮਾਨ ਦੇ ਨਿਰੀਖਣ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀ। NCSM ਵੱਲੋਂ ਵਿਗਿਆਨ ਅਜਾਇਬ ਘਰਾਂ ਰਾਹੀਂ ਵੀ ਖਗੋਲ ਵਿਗਿਆਨ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।



















