ਰੂਪਨਗਰ, 29 ਅਕਤੂਬਰ 2026 AJ DI Awaaj
Punjab Desk : ਵਿਸ਼ਵ ਸਟ੍ਰੋਕ ਦਿਵਸ ਦੇ ਮੌਕੇ ’ਤੇ ਸਿਹਤ ਵਿਭਾਗ ਰੂਪਨਗਰ ਵੱਲੋਂ ਲੋਕਾਂ ਨੂੰ ਦਿਮਾਗੀ ਦੌਰੇ (ਸਟ੍ਰੋਕ) ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਸਮੇਂ ਸਿਰ ਇਲਾਜ ਬਾਰੇ ਜਾਗਰੂਕ ਕਰਦਿਆਂ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਨੇ ਕਿਹਾ ਕਿ ਸਟ੍ਰੋਕ ਇੱਕ ਗੰਭੀਰ ਮੈਡੀਕਲ ਐਮਰਜੈਂਸੀ ਹੈ, ਜਿਸ ਵਿੱਚ ਦਿਮਾਗ ਦੇ ਕਿਸੇ ਹਿੱਸੇ ਤੱਕ ਖ਼ੂਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਦਿਮਾਗ ਦੀ ਕੋਈ ਖ਼ੂਨ ਦੀ ਨਾੜੀ ਫਟਣ ਕਾਰਨ ਖ਼ੂਨ ਵਗਣ ਲੱਗ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਮਰੀਜ਼ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣੀ ਬੇਹੱਦ ਜ਼ਰੂਰੀ ਹੈ।
ਡਾ. ਵਿਵੇਕ ਕਟਾਰੀਆ ਨੇ ਕਿਹਾ ਕਿ ਸਟ੍ਰੋਕ ਹੋਣ ’ਤੇ ਵਿਅਕਤੀ ਦੇ ਸਰੀਰ ਦੇ ਇੱਕ ਪਾਸੇ ਕਮਜ਼ੋਰੀ ਜਾਂ ਅਧਰੰਗ ਹੋ ਸਕਦਾ ਹੈ, ਬੋਲਣ ਜਾਂ ਗੱਲ ਸਮਝਣ ਵਿੱਚ ਮੁਸ਼ਕਲ ਆ ਸਕਦੀ ਹੈ, ਚਿਹਰੇ ਦਾ ਇੱਕ ਪਾਸਾ ਲਟਕ ਸਕਦਾ ਹੈ, ਨਜ਼ਰ ਵਿੱਚ ਅਚਾਨਕ ਤਬਦੀਲੀ ਆ ਸਕਦੀ ਹੈ, ਚੱਲਣ ਵਿੱਚ ਮੁਸ਼ਕਲ, ਸੰਤੁਲਨ ਵਿਗੜਨ ਜਾਂ ਅਚਾਨਕ ਬਹੁਤ ਤੇਜ਼ ਸਿਰ ਦਰਦ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੱਛਣਾਂ ਨੂੰ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਮਰੀਜ਼ ਦੇ ਆਪਣੇ ਆਪ ਠੀਕ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਟ੍ਰੋਕ ਦੀ ਸਥਿਤੀ ਵਿੱਚ ਸਮੇਂ ਸਿਰ ਇਲਾਜ ਮਰੀਜ਼ ਦੀ ਜਾਨ ਬਚਾਉਣ ਅਤੇ ਸਰੀਰਕ ਅਪੰਗਤਾ ਦੇ ਖ਼ਤਰੇ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇਕਰ ਕਿਸੇ ਵਿਅਕਤੀ ਵਿੱਚ ਸਟ੍ਰੋਕ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਐਂਬੂਲੈਂਸ ਸੇਵਾ 108 ’ਤੇ ਸੰਪਰਕ ਕਰਕੇ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਾਵੇ। ਮਰੀਜ਼ ਨੂੰ ਆਪਣੀ ਮਰਜ਼ੀ ਨਾਲ ਦਵਾਈ ਦੇਣ ਜਾਂ ਘਰੇਲੂ ਨੁਸਖ਼ਿਆਂ ਰਾਹੀਂ ਇਲਾਜ ਕਰਨ ਦੀ ਬਜਾਏ ਤੁਰੰਤ ਮਾਹਿਰ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਖ਼ੂਨ ਵਿੱਚ ਕੋਲੈਸਟ੍ਰੋਲ ਦੀ ਵਧੀ ਹੋਈ ਮਾਤਰਾ, ਮੋਟਾਪਾ, ਸਰੀਰਕ ਸਰਗਰਮੀ ਦੀ ਘਾਟ, ਤੰਬਾਕੂਨੋਸ਼ੀ ਅਤੇ ਸ਼ਰਾਬ ਦੀ ਵਰਤੋਂ ਸਟ੍ਰੋਕ ਦੇ ਖ਼ਤਰੇ ਨੂੰ ਵਧਾ ਸਕਦੇ ਹਨ। ਇਸ ਲਈ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ’ਤੇ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਲੈਣ, ਭੋਜਨ ਵਿੱਚ ਨਮਕ ਅਤੇ ਚਰਬੀ ਦੀ ਮਾਤਰਾ ਘੱਟ ਰੱਖਣ, ਰੋਜ਼ਾਨਾ ਕਸਰਤ ਜਾਂ ਸੈਰ ਕਰਨ, ਸਰੀਰ ਦਾ ਭਾਰ ਕਾਬੂ ਵਿੱਚ ਰੱਖਣ ਅਤੇ ਤੰਬਾਕੂਨੋਸ਼ੀ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ। ਇਸ ਤੋਂ ਇਲਾਵਾ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਪੀੜਤ ਵਿਅਕਤੀਆਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਆਪਣੀ ਬਿਮਾਰੀ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ ਅਤੇ ਨਿਰਧਾਰਤ ਦਵਾਈਆਂ ਨਿਯਮਿਤ ਤੌਰ ’ਤੇ ਲੈਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਸਟ੍ਰੋਕ ਤੋਂ ਬਾਅਦ ਮਰੀਜ਼ ਨੂੰ ਸਮੇਂ ਸਿਰ ਇਲਾਜ ਦੇ ਨਾਲ-ਨਾਲ ਲੋੜ ਅਨੁਸਾਰ ਸਰੀਰਕ ਕਸਰਤ ਰਾਹੀਂ ਮੁੜ-ਸਿਹਤਯਾਬੀ, ਮੁੜ-ਵਸੇਬੇ ਅਤੇ ਪਰਿਵਾਰਕ ਸਹਿਯੋਗ ਦੀ ਵੀ ਲੋੜ ਪੈ ਸਕਦੀ ਹੈ। ਮਰੀਜ਼ ਦੀ ਸਿਹਤ ਵਿੱਚ ਸੁਧਾਰ ਲਈ ਡਾਕਟਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਅਤੇ ਇਲਾਜ ਨੂੰ ਵਿਚਕਾਰ ਨਾ ਛੱਡਣਾ ਬਹੁਤ ਜ਼ਰੂਰੀ ਹੈ।
ਡਾ. ਵਿਵੇਕ ਕਟਾਰੀਆ ਨੇ ਕਿਹਾ ਕਿ ਵਿਸ਼ਵ ਸਟ੍ਰੋਕ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਇਸ ਗੰਭੀਰ ਬਿਮਾਰੀ ਬਾਰੇ ਜਾਗਰੂਕ ਕਰਨਾ ਅਤੇ ਇਸ ਦੀ ਰੋਕਥਾਮ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਬਿਮਾਰੀਆਂ ਦੀ ਨਿਯਮਿਤ ਜਾਂਚ ਕਰਵਾਉਣ ਅਤੇ ਸਟ੍ਰੋਕ ਦੇ ਲੱਛਣਾਂ ਦੀ ਤੁਰੰਤ ਪਛਾਣ ਕਰਕੇ ਡਾਕਟਰੀ ਸਹਾਇਤਾ ਲੈਣ ਨਾਲ ਇਸ ਦੇ ਗੰਭੀਰ ਨਤੀਜਿਆਂ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।



















