ਫਰੀਦਕੋਟ, 16 ਸਤੰਬਰ 2026 AJ DI Awaaj
Punjab Desk : ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਤੇ ਸਿਵਲ ਸਰਜਨ, ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੌਮੀ ਸੰਤੁਲਿਤ ਖੁਰਾਕ ਹਫਤੇ ਬਾਰੇ ਜਾਗਰੂਕ ਕੀਤਾ ਗਿਆl
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਪ੍ਰੀਤੀ ਗੋਇਲ ਨੇ ਦੱਸਿਆ ਕਿ ਕੌਮੀ ਖੁਰਾਕ ਹਫ਼ਤੇ ਦਾ ਉਦੇਸ਼ ਗਰਭਵਤੀ ਔਰਤਾਂ, ਨਵ ਜੰਮੇ ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੇ ਨਾਲ ਨਾਲ ਹਰ ਉਮਰ ਵਰਗ ਦੇ ਲੋਕਾਂ ਨੂੰ ਸੰਤੁਲਿਤ ਭੋਜਨ ਅਤੇ ਸੰਤੁਲਿਤ ਭੋਜਨ ਦੇ ਸੋਮਿਆਂ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਾਰਾ ਸਾਲ ਹੀ ਸੰਤੁਲਿਤ ਭੋਜਨ ਬਾਰੇ ਜਾਗਰੂਕਤਾ ਦਿੱਤੀ ਜਾਂਦੀ ਹੈ, ਪਰ ਇਸ ਹਫ਼ਤੇ ਵਿੱਚ ਇੱਕ ਵਿਸ਼ੇਸ ਮੁਹਿੰਮ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਹਫ਼ਤੇ ਬਾਰੇ ਜਾਣਕਾਰੀ ਹਾਸਲ ਹੋ ਸਕੇ ।
ਉਨ੍ਹਾਂ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਆਪਣੇ ਰੁਝੇਵੇ ਭਰੇ ਕੰਮਾਂ ਦੇ ਨਾਲ ਨਾਲ ਆਪਣੇ ਭੋਜਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਆਦਮੀ ਨੂੰ ਰੋਜਾਨਾ ਲੋੜੀਦੀਂ ਮਾਤਰਾ ਵਿੱਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਪਾਣੀ, ਫੈਟ, ਵਿਟਾਮਿਨ, ਖਣਿਜ ਪਦਾਰਥਾਂ ਵਾਲਾ ਭੋਜਨ ਖਾਣਾ ਚਾਹੀਦਾ ਹੈ ਜਿਵੇਂ ਕਿ ਹਰੀਆਂ ਸਬਜ਼ੀਆਂ, ਸਲਾਦ, ਦੁੱਧ, ਮੌਸਮੀ ਫਲ, ਉਬਲੀਆਂ ਅਤੇ ਪੁੰਗਰੀਆਂ ਦਾਲਾਂ ਆਦਿ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਗਰਭਵਤੀ ਮਾਵਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਪਣੇ ਪੇਟ ਵਿੱਚ ਪਲ ਰਹੇ ਬੱਚੇ ਦੀ ਖੁਰਾਕ ਦਾ ਧਿਆਨ ਰੱਖ ਕੇ ਸਾਫ਼ ਸੁਥਰਾ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਅਤੇ ਕਿਸੇ ਮਾਹਿਰ ਡਾਕਟਰ ਤੋਂ ਘੱਟੋ ਘੱਟ 4 ਵਾਰ ਚੈਕਅੱਪ ਕਰਵਾਉਣਾ ਚਾਹੀਦਾ ਹੈ, ਤਾਂ ਜੋ ਸਿਹਤਮੰਦ ਬੱਚਾ ਪੈਦਾ ਹੋਵੇ ਅਤੇ ਜੱਚਾ ਦੀ ਸਿਹਤ ਵੀ ਠੀਕ ਰਹੇ। ਨਵ ਜਨਮੇ ਬੱਚੇ ਲਈ ਮਾਂ ਦਾ ਦੁੱਧ ਇੱਕ ਸੰਪੂਰਨ ਪੌਸ਼ਟਿਕ ਆਹਾਰ ਹੈ ਇਸ ਲਈ ਬੱਚੇ ਨੂੰ ਜਨਮ ਤੋਂ ਇੱਕ ਘੰਟੇ ਦੇ ਅੰਦਰ ਅੰਦਰ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਛੇ ਮਹੀਨੇ ਤੋਂ ਬਾਅਦ ਮਾਂ ਨੂੰ ਆਪਣੇ ਦੁੱਧ ਦੇ ਨਾਲ ਨਾਲ ਬਾਹਰਲੀ ਖੁਰਾਕ ਵੀ ਦੇਣੀ ਸੁਰੂ ਕਰ ਦੇਣੀ ਚਾਹੀਦੀ ਹੈ ਅਤੇ 2 ਸਾਲ ਤੱਕ ਮਾਂ ਦਾ ਦੁੱਧ ਪਿਲਾਉਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਲੇ ਹੋਏ, ਫਾਸਟ ਫੂਡ, ਜ਼ਿਆਦਾ ਨਮਕ, ਜ਼ਿਆਦਾ ਚੀਨੀ, ਸ਼ਰਾਬ ਅਤੇ ਸਿਗਰਟ ਤੋਂ ਪ੍ਰਹੇਜ਼ ਕੀਤਾ ਜਾਵੇ।
ਇਸ ਮੌਕੇ ਤੇ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥੀਆਂ ਰੋਲ ਪਲੇਅ ਰਾਹੀ ਅਧਿਆਪਕ ਮੈਡਮ ਮਨਦੀਪ ਕੌਰ ਨਰਸਿੰਗ ਟਿਊਟਰ ਦੇ ਯੋਗਦਾਨ ਰਾਹੀ ਸੰਦੇਸ਼ ਦਿੰਦਿਆਂ ਕਿਹਾ ਗਿਆ ਕਿ ਅਸੰਤੁਲਿਤ ਭੋਜਨ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਹਮੇਸ਼ਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਅਤੇ ਸਰੀਰਕ ਕਸਰਤ ਵਿੱਚ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ।
ਇਸ ਮੌਕੇ ਇਹਨਾਂ ਦੇ ਨਾਲ ਡਾ. ਜਗਵੀਰ ਸਿੰਘ ਮੈਡੀਕਲ ਅਫ਼ਸਰ, ਡਾ. ਮਨੀਸ਼ ਮੈਡੀਕਲ ਅਫ਼ਸਰ, ਡਾ. ਅਭਿਲਾਸ਼ਾ ਮੈਡੀਕਲ ਅਫ਼ਸਰ, ਰਾਜਿੰਦਰ ਅਰੋੜਾ ਫਾਰਮੇਸੀ ਅਫਸਰ ਅਤੇ ਮੈਡਮ ਰੁਪਿੰਦਰ ਕੌਰ ਨਰਸਿੰਗ ਸਿਸਟਰ ਤੋਂ ਇਲਾਵਾ ਸਮੂਹ ਸਟਾਫ਼ ਨੇ ਵੀ ਸ਼ਮੂਲੀਅਤ ਕੀਤੀ।



















