ਫ਼ਰੀਦਕੋਟ, 15 ਸਤੰਬਰ 2026 AJ DI Awaaj
Punjab Desk : — ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਹੁਲ ਜਾਂਬਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਪੈਸ਼ਲ ਇੰਟੈਨਸਿਵ ਰਿਵੀਜ਼ਨ-2026 ਦੀ ਪ੍ਰਕਿਰਿਆ ਜਾਰੀ ਹੈ। ਇਸ ਤਹਿਤ 3 ਅਗਸਤ 2026 ਤੱਕ ਇਨਿਊਮੀਰੇਸ਼ਨ ਫੇਜ਼ ਚੱਲਿਆ ਅਤੇ ਇਸ ਤੋਂ ਬਾਅਦ 13 ਅਗਸਤ 2026 ਨੂੰ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ ਕੀਤੀ ਗਈ। 13 ਅਗਸਤ 2026 ਤੋਂ ਨੋਟਿਸ ਫੇਜ਼ ਸ਼ੁਰੂ ਹੋਇਆ, ਜਿਸ ਤਹਿਤ ਦਾਅਵੇ/ਇਤਰਾਜ਼ ਪ੍ਰਾਪਤ ਕਰਨ, ਵੋਟਰਾਂ ਨੂੰ ਨੋਟਿਸ ਜਾਰੀ ਕਰਨ ਅਤੇ ਸੁਣਵਾਈ ਆਦਿ ਦੀ ਪ੍ਰਕਿਰਿਆ ਆਰੰਭ ਕੀਤੀ ਗਈ। ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟਾਂ ਵੱਲੋਂ ਨਿਰਧਾਰਤ ਸ਼ਡਿਊਲ ਅਨੁਸਾਰ 13 ਅਗਸਤ ਤੋਂ 12 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਗਏ।
ਪ੍ਰਾਪਤ ਹੋਏ ਦਾਅਵੇ/ਇਤਰਾਜ਼ਾਂ ਦੀਆਂ ਸੂਚੀਆਂ ਹਫ਼ਤਾਵਾਰੀ ਆਧਾਰ ’ਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਸਾਂਝੀਆਂ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸੇ ਤਹਿਤ 14 ਸਤੰਬਰ 2026 ਨੂੰ ਜ਼ਿਲ੍ਹੇ ਅਧੀਨ ਪੈਂਦੇ ਵਿਧਾਨ ਸਭਾ ਚੋਣ ਹਲਕਾ 87-ਫ਼ਰੀਦਕੋਟ, 88-ਕੋਟਕਪੂਰਾ ਅਤੇ 89-ਜੈਤੋਂ (ਅ.ਜ.) ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਆਪਣੇ-ਆਪਣੇ ਵਿਧਾਨ ਸਭਾ ਹਲਕਾ ਪੱਧਰ ’ਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ 7 ਸਤੰਬਰ ਤੋਂ 12 ਸਤੰਬਰ 2026 ਤੱਕ, ਜੋ ਕਿ ਦਾਅਵੇ/ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ ਸੀ, ਪ੍ਰਾਪਤ ਹੋਏ ਦਾਅਵੇ/ਇਤਰਾਜ਼ਾਂ (ਫਾਰਮ ਨੰ. 09, 10, 11, 11-ਏ ਅਤੇ 11-ਬੀ) ਦੀਆਂ ਸੂਚੀਆਂ ਸੌਂਪੀਆਂ ਗਈਆਂ।
ਇਸ ਮੌਕੇ ਵਿਧਾਨ ਸਭਾ ਹਲਕਾ 87-ਫ਼ਰੀਦਕੋਟ ਤੋਂ ਸ੍ਰੀ ਠਾਕਰ ਸਿੰਘ, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਐੱਮ), ਅਤੇ ਸ੍ਰੀ ਸਤੀਸ਼ ਗਰੋਵਰ, ਸ਼੍ਰੋਮਣੀ ਅਕਾਲੀ ਦਲ (ਬ); ਵਿਧਾਨ ਸਭਾ ਹਲਕਾ 88-ਕੋਟਕਪੂਰਾ ਤੋਂ ਸ੍ਰੀ ਜਸਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ), ਸ੍ਰੀ ਗੁਰਮੀਤ ਸਿੰਘ, ਆਮ ਆਦਮੀ ਪਾਰਟੀ ਅਤੇ ਸ੍ਰੀ ਗੁਰਦੀਪ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ; ਜਦਕਿ ਵਿਧਾਨ ਸਭਾ ਹਲਕਾ 89-ਜੈਤੋਂ (ਅ.ਜ.) ਤੋਂ ਸ੍ਰੀ ਹਰਸਿਮਰਨਜੀਤ ਸਿੰਘ, ਆਮ ਆਦਮੀ ਪਾਰਟੀ, ਸ੍ਰੀ ਗੁਰਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ), ਸ੍ਰੀ ਗੁਰਤੇਜ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ, ਸ੍ਰੀ ਸੰਦੀਪ ਸ਼ਰਮਾ, ਭਾਰਤੀ ਜਨਤਾ ਪਾਰਟੀ ਅਤੇ ਸ੍ਰੀ ਇੰਦਰਜੀਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦੇ ਹਾਜ਼ਰ ਸਨ।



















