ਸੁਰੱਖਿਆ ਨਿਰੀਖਣ ਉਪਰੰਤ ਫਾਇਰ ਫਾਈਟਰਾਂ ਦੀ ਤੈਨਾਤੀ ਸ਼ੁਰੂ

1

ਬਟਾਲਾ, 15 ਸਤੰਬਰ 2026 AJ DI Awaaj

Punjab Desk :       ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ-ਕਮ- ਕਮਿਸ਼ਨਰ ਨਗਰ ਨਿਗਮ ਬਟਾਲਾ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਗੁਰੁ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਮੋਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਨਜਿੱਠਣ ਲਈ ਪੰਜਾਬ ਫਾਇਰ ਅਤੇ ਐਮਰਜੈਂਸੀ ਸਰਵਿਸ ਬਟਾਲਾ ਵਲੋਂ ਸ਼ਾਹਿਰ ਦੇ ਵੱਖ ਵੱਖ ਥਾਵਾਂ ‘ਤੇ ਜਾ ਕੇ ਸੁਰੱਖਿਆ ਨਿਰੀਖਣ ਕੀਤਾ ਗਿਆ।

ਇਸ ਟੀਮ ਵਿਚ ਸਟੇਸ਼ਨ ਇੰਚਾਰਜ ਨੀਰਜ਼ ਸ਼ਰਮਾ, ਹਰਬਖਸ਼ ਸਿੰਘ ਸਿਵਲ ਡਿਫੈਂਸ, ਜਸਬੀਰ ਸਿੰਘ, ਜਗਰੂਪ ਸਿੰਘ, ਪਰਮਿੰਦਰ ਸਿੰਘ ਤੇ ਫਾਇਰ ਫਾਈਟਰਾਂ ਦੇ ਨਾਲ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਜਗਦੀਪ ਸਿੰਘ ਰੰਧਾਵਾ ਤੇ ਸਟਾਫ ਵੀ ਹਾਜ਼ਰ ਸਨ।

ਇਸ ਮੌਕੇ ਸਟੇਸ਼ਨ ਇੰਚਾਰਜ ਨੀਰਜ਼ ਸ਼ਰਮਾ ਨੇ ਦੱਸਿਆ ਕਿ ਸੰਗਤਾਂ ਦੇ ਭਾਰੀ ਇੱਕਠ ਵਾਲੀਆਂ ਥਾਵਾਂ ‘ਤੇ 24 ਘੰਟੇ ਫਾਇਰ ਫਾਈਟਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਨਾਲ ਹੀ ਫਾਇਰ ਟੈਂਡਰਾਂ ਦੀ ਤਾਇਨਾਤੀ ਕਰ ਦਿੱਤੀ ਜਾਵੇਗੀ।

ਉਨਾਂ ਦੱਸਿਆ ਕਿ ਸ਼ਹਿਰ ‘ਚ ਫਾਇਰ ਟੈਂਡਰਾਂ ਦੀ ਤਾਇਨਾਤੀ ਵਿਚ ਗੁਰਦੁਆਰਾ ਡੇਹਰਾ ਸਾਹਿਬ ਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਲਈ ਠਠਿਆਰੀ ਗੇਟ, ਨਹਿਰੂ ਗੇਟ, ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਚੋਂਕ, 17 ਤੇ 18 ਤਰੀਕ ਨੂੰ ਨਗਰ ਕੀਰਤਨ ਦੇ ਨਾਲ ਅਤੇ ਹੋਰਨਾਂ ਥਾਵਾਂ ‘ਤੇ ਕੀਤੇ ਜਾਣਗੇ।

ਇਸ ਤੋਂ ਇਲਾਵਾ ਫਾਇਰ ਟੈਂਡਰ ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਹੋਸ਼ਿਆਰਪੁਰ, ਜੰਡਿਆਲਾ ਗੁਰੂ, ਪਠਾਨਕੋਟ ਤੇ ਗੁਰਦਾਸਪੁਰ ਤੋ ਵੀ ਮੰਗਵਾਏ ਜੋ ਕਿ ਵੱਖ ਵੱਖ ਥਾਵਾਂ ‘ਤੇ ਤੈਨਾਤ ਕੀਤੇ ਜਾਣਗੇ।

ਉਹਨਾਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਅਣਗਿਹਲੀ ਕਾਰਨ ਹਾਦਸਾ ਵਾਪਰ ਜਾਵੇ ਤਾਂ ਫਾਇਰ-ਬ੍ਰਿਗੇਡ ਬਟਾਲਾ ਨੰਬਰ ਮੋਬਾਇਲ ਨੰ. 91157- 96801, 01871-240101 ਜਾਂ 112 ‘ਤੇ ਸਹੀ ਤੇ ਪੂਰੀ ਜਾਣਕਾਰੀ ਦਿਤੀ ਜਾਵੇ।

ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਿਸੇ ਵੀ ਜਗਾ੍ ਕਿਸੇ ਵੀ ਦੁਕਾਨ ਜਾਂ ਗੋਦਾਮ ਵਿਚ, ਕਿਸੇ ਕਿਸਮ ਦਾ ਜਲਣਸ਼ੀਲ ਪਦਾਰਥ ਜਾਂ ਵਿਸਫੋਕਟ ਸਮੱਗਰੀ ਸਟੋਰ ਨਾ ਕੀਤੀ ਜਾਵੇ ਜੋ ਕਿ ਗੈਰ ਕਾਨੂਨੀ ਹੈ।

ਲੰਗਰ ਸੁਸਾਇਟੀਆਂ ਨੂੰ ਅਪੀਲ ਹੈ ਕਿ ਅੱਗ ਤੋ ਬਚਾਅ ਸਬੰਧੀ ਸਾਵਧਾਨੀਆਂ ਵੱਲ ਪੂਰਾ ਧਿਆਨ ਰੱਖਣ। ਪਟਾਕੇ ਤੇ ਆਤਸ਼ਬਾਜ਼ੀ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ, ਕਿਸੇ ਵੀ ਕਿਸਮ ਦੀ ਫਾਇਰ ਗੇਮ ਨਾ ਖੇਡੀ ਜਾਵੇ।

ਇਸ ਮੌਕੇ ਟੀਮ ਵਲੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਸਤਿਆਂ ਨੂੰ ਬਿਲਕੁਲ ਸਾਫ਼ ਰੱਖਿਆ ਜਾਵੇ। ਫਾਇਰ ਬ੍ਰਿਗੇਡ, ਪੁਲਿਸ ਤੇ ਐਂਬੂਲੈਂਸ ਨੂੰ ਪਹਿਲ ਦੇ ਅਧਾਰ ‘ਤੇ ਸੜਕ ‘ਤੇ ਰਸਤਾ ਦਿਓ।