40 ਪਿੰਡਾਂ ਨੂੰ ਮਿਲੇਗੀ ਸੁਚਾਰੂ ਬਿਜਲੀ ਸਪਲਾਈ

2
ਨੰਗਲ 09 ਸਤੰਬਰ 2026 AJ DI Awaaj
Punjab Desk    : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਲਗਾਤਾਰ ਵੱਧ ਰਹੀ ਮੰਗ ਅਤੇ ਪਿੰਡਾਂ ਵਿੱਚ ਬਿਜਲੀ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜਿੰਦਵੜੀ ਢਾਹੇ ਵਿਖੇ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ 66 ਕੇਵੀ ਪਾਵਰ ਗਰਿੱਡ ਸਥਾਪਿਤ ਕੀਤਾ ਜਾਵੇਗਾ। ਇਸ ਗਰਿੱਡ ਦਾ ਕੰਮ ਤਕਰੀਬਨ ਦੋ ਸਾਲਾਂ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ। ਨਵੇਂ ਗਰਿੱਡ ਨਾਲ ਨੇੜਲੇ ਕਰੀਬ 40 ਪਿੰਡਾਂ ਨੂੰ ਬਿਜਲੀ ਦੀ ਵਧੇਰੇ ਸੁਚਾਰੂ ਅਤੇ ਭਰੋਸੇਮੰਦ ਸਪਲਾਈ ਮਿਲੇਗੀ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਮੌਜੂਦਾ ਬਿਜਲੀ ਗਰਿੱਡਾਂ ’ਤੇ ਪੈ ਰਿਹਾ ਵਾਧੂ ਲੋਡ ਵੀ ਘਟੇਗਾ।
ਜਿੰਦਵੜੀ ਢਾਹੇ ਵਿਖੇ 66 ਕੇਵੀ ਗਰਿੱਡ ਲਈ ਹੋਈ ਨਿਸ਼ਾਨਦੇਹੀ ਉਪਰੰਤ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਬਿਜਲੀ ਮਨੁੱਖੀ ਜੀਵਨ ਦੀ ਬੁਨਿਆਦੀ ਲੋੜ ਬਣ ਚੁੱਕੀ ਹੈ ਅਤੇ ਬਿਜਲੀ ਸਪਲਾਈ ਤੋਂ ਬਿਨਾਂ ਵਿਕਾਸ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਆਧੁਨਿਕੀਕਰਨ ਦੇ ਨਾਲ ਘਰਾਂ, ਖੇਤੀਬਾੜੀ ਅਤੇ ਵਪਾਰਕ ਅਦਾਰਿਆਂ ਵਿੱਚ ਬਿਜਲੀ ਦੀ ਖਪਤ ਲਗਾਤਾਰ ਵੱਧ ਰਹੀ ਹੈ। ਇਸ ਲਈ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਗਰਿੱਡ ਸਥਾਪਿਤ ਕਰਨਾ ਅਤੇ ਮੌਜੂਦਾ ਬਿਜਲੀ ਪ੍ਰਣਾਲੀ ਨੂੰ ਅਪਗ੍ਰੇਡ ਕਰਨਾ ਸਮੇਂ ਦੀ ਲੋੜ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੋ ਸਾਲਾ ਤੋ ਕੋਸ਼ਿਸ਼ਾ ਕੀਤੀਆ ਜਾ ਰਹੀਆਂ ਹਨ, ਪਰ ਰਾਜਨੀਤੀ ਦੀ ਭੇਂਟ ਚੜਨ ਕਾਰਨ ਇਹ ਕੋਸ਼ਿਸਾ ਸਫਲ ਨਹੀ ਹੋ ਰਹੀਆਂ ਸਨ, ਪ੍ਰੰਤੂ ਹੁਣ ਇਹ ਕੰਮ ਸੁਰੂ ਕਰਵਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ 18 ਫੁੱਟ ਚੋੜੀਆਂ ਸੜਕਾਂ, ਕਮਿਊਨਿਟੀ ਸੈਂਟਰ, ਸਾਫ ਸੁਥਰੇ ਸਕੂਲ, ਇਲਾਕੇ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹਨ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਿਜਲੀ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖੇਤੀਬਾੜੀ ਲਈ ਦਿਨ ਸਮੇਂ ਬਿਜਲੀ ਸਪਲਾਈ ਦੇਣ ਦੇ ਨਾਲ-ਨਾਲ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੇਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪਰਿਵਾਰਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਹਰ ਬਿੱਲ ’ਤੇ 600 ਯੂਨਿਟ, ਭਾਵ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਪਰਿਵਾਰ ਇਸ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਘੱਟ ਵੋਲਟੇਜ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਬਿਜਲੀ ਦੀ ਮੰਗ ਵੱਧ ਰਹੀ ਹੈ, ਉੱਥੇ ਮੌਜੂਦਾ ਗਰਿੱਡਾਂ ’ਤੇ ਲੋਡ ਵੱਧ ਜਾਂਦਾ ਹੈ, ਜਿਸ ਕਾਰਨ ਸਪਲਾਈ ਪ੍ਰਬੰਧ ਪ੍ਰਭਾਵਿਤ ਹੋ ਸਕਦੇ ਹਨ। ਅਜਿਹੇ ਖੇਤਰਾਂ ਵਿੱਚ ਨਵੇਂ ਪਾਵਰ ਗਰਿੱਡ ਸਥਾਪਿਤ ਕਰਕੇ ਬਿਜਲੀ ਦਾ ਲੋਡ ਵੰਡਿਆ ਜਾਂਦਾ ਹੈ ਅਤੇ ਸਪਲਾਈ ਪ੍ਰਣਾਲੀ ਹੋਰ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿੰਦਬੜੀ ਢਾਹੇ ਵਿੱਚ ਬਣਨ ਵਾਲਾ 66 ਕੇਵੀ ਗਰਿੱਡ ਵੀ ਇਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਨਵੇਂ ਗਰਿੱਡ ਨਾਲ ਬਿਜਲੀ ਦੀਆਂ ਤਾਰਾਂ ਅਤੇ ਵੰਡ ਪ੍ਰਬੰਧਾਂ ਵਿੱਚ ਸੁਧਾਰ ਹੋਵੇਗਾ ਅਤੇ ਇੱਥੇ ਲੋੜ ਅਨੁਸਾਰ ਸਟਾਫ਼ ਦੀ ਤਾਇਨਾਤੀ ਵੀ ਕੀਤੀ ਜਾਵੇਗੀ, ਜਿਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿੰਦਬੜੀ ਢਾਹੇ ਵਿਖੇ ਸਥਾਪਿਤ ਹੋਣ ਵਾਲੇ ਇਸ ਗਰਿੱਡ ਦਾ ਸਿੱਧਾ ਲਾਭ 40 ਦੇ ਕਰੀਬ ਪਿੰਡਾਂ ਨੂੰ ਮਿਲੇਗਾ ਅਤੇ ਇਨ੍ਹਾਂ ਪਿੰਡਾਂ ਵਿੱਚ ਬਿਜਲੀ ਸਪਲਾਈ ਹੋਰ ਸੁਚਾਰੂ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਬਿਜਲੀ ਦੀ ਮੰਗ ਪੂਰੀ ਕਰਨਾ ਹੀ ਨਹੀਂ, ਸਗੋਂ ਆਉਣ ਵਾਲੇ ਸਮੇਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਮਜ਼ਬੂਤ ਅਤੇ ਆਧੁਨਿਕ ਬਿਜਲੀ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਲਈ ਅਜਿਹੇ ਵਿਕਾਸ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ।
ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ, ਡਾ.ਸੁਮਿਤ ਢਿੱਲੋਂ ਤਹਿਸੀਲਦਾਰ, ਦੀਪਕ ਸੋਨੀ ਚੇਅਰਮੈਨ ਖੱਤਰੀ/ਅਰੋੜਾ ਵੈਲਫੇਅਰ ਬੋਰਡ, ਸੁਖਦੇਵ ਖਾਨਪੁਰ ਸਰਪੰਚ, ਸਰਪੰਚ ਪੱਮੂ ਢਿੱਲੋ ਚੈਅਰਮੈਨ ਮਾਰਕੀਟ ਕਮੇਟੀ, ਸਰਪੰਚ ਸੈਣੀਮਾਜਰਾ ਜੀਤ ਰਾਮ ਰਿੰਕੂ, ਸੁਮਿਤ ਜਿੰਦਵੜੀ, ਵਿਕਰਮ ਐਸਡੀਓ, ਭੈਬਵ ਜੇ.ਈ, ਸੁਮਿਤ ਜਿੰਦਵੜੀ, ਪਰਮਜੀਤ ਸਿੰਘ  ਸਰਪੰਚ, ਰਾਮ ਲਾਲ ਪੰਚ,  ਬਲਵੀਰ  ਸਿੰਘ ਪੰਚ, ਮਨੂੰਪੁਰੀ ਪੰਚ, ਗੁਰਵਿੰਦਰ ਪੰਚ, ਪ੍ਰੀਤਮ ਸੋਨੀ, ਰੋਹਿਤ ਕੁਮਾਰ ਹਾਜ਼ਰ ਸਨ।