ਬਲਾਕ ਮਹਿਲ ਕਲਾਂ ਵਿੱਚ “ਨਿੱਕੇ ਕਦਮ” ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ

6

ਮਹਿਲ ਕਲਾਂ, 8 ਸਤੰਬਰ 2026 AJ DI Awaaj

Punjab Desk :   ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਮਿਸ਼ਨ ਆਰੰਭ ਤਹਿਤ 0 ਤੋਂ 3 ਸਾਲ ਤੱਕ ਦੇ ਬੱਚਿਆਂ ਦੇ ਵਿਕਾਸ ਲਈ “ਨਿੱਕੇ ਕਦਮ” ਪਾਇਲਟ ਪ੍ਰੋਜੈਕਟ ਬਲਾਕ ਮਹਿਲ ਕਲਾਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਤਿੰਦਰਪਾਲ ਕੌਰ ਧਾਰੀਵਾਲ ਦੀ ਅਗਵਾਈ ਹੇਠ 07 ਅਤੇ 08 ਸਤੰਬਰ ਨੂੰ ਬਲਾਕ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਲਈ ਦੋ ਰੋਜ਼ਾ ਸਿਖਲਾਈ ਦਿੱਤੀ ਗਈ।
ਮਿਸ਼ਨ ਆਰੰਭ ਟੀਮ ਵੱਲੋਂ ਆਂਗਣਵਾੜੀ ਵਰਕਰਾਂ ਨੂੰ “ਨਿੱਕੇ ਕਦਮ” ਪਾਇਲਟ ਪ੍ਰੋਜੈਕਟ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਇਸ ਮੌਕੇ ਸੀ.ਡੀ.ਪੀ.ਓ. ਮਹਿਲਕਲਾਂ ਸ੍ਰੀ ਹਰਬੰਸ ਸਿੰਘ ਨੇ ਪ੍ਰੋਜੈਕਟ ਦੇ ਉਦੇਸ਼ਾਂ, ਮਹੱਤਤਾ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ 0 ਤੋਂ 3 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਨਾਲ ਜੋੜਨਾ ਅਤੇ ਘਰ-ਅਧਾਰਿਤ ਸਿੱਖਣ ਨੂੰ ਉਤਸ਼ਾਹਿਤ ਕਰਨਾ ਹੈ।
ਸਿਖਲਾਈ ਦੌਰਾਨ ਆਂਗਣਵਾੜੀ ਵਰਕਰਾਂ ਨੂੰ “ਨਿੱਕੇ ਕਦਮ” ਪਲੇਟਫਾਰਮ ਦੀ ਵਰਤੋਂ ਸਬੰਧੀ ਪ੍ਰੈਕਟੀਕਲ ਡੈਮੋ ਵੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਆਪਣੇ-ਆਪਣੇ ਖੇਤਰ ਦੇ ਯੋਗ ਪਰਿਵਾਰਾਂ ਨੂੰ QR ਕੋਡ ਸਕੈਨ ਕਰਵਾ ਕੇ “ਨਿੱਕੇ ਕਦਮ” ਦੇ ਵਟਸਐਪ ਗਰੁੱਪ ਨਾਲ ਜੋੜਣਗੀਆਂ। ਗਰੁੱਪ ਵਿੱਚ ਸ਼ਾਮਲ ਹੋਣ ਉਪਰੰਤ ਮਾਪਿਆਂ ਤੋਂ ਬੱਚੇ ਦਾ ਪੂਰਾ ਨਾਮ, ਜਨਮ ਮਿਤੀ ਅਤੇ ਲਿੰਗ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਬੱਚੇ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ। ਰਜਿਸਟ੍ਰੇਸ਼ਨ ਸਫਲ ਹੋਣ ਉਪਰੰਤ ਮਾਪਿਆਂ ਨੂੰ ਇਸ ਦੀ ਪੁਸ਼ਟੀ ਵੀ ਪ੍ਰਾਪਤ ਹੋਵੇਗੀ।
ਸਿਖਲਾਈ ਦੌਰਾਨ ਇਹ ਵੀ ਦੱਸਿਆ ਗਿਆ ਕਿ ਰਜਿਸਟ੍ਰੇਸ਼ਨ ਉਪਰੰਤ ਮਾਪਿਆਂ ਨੂੰ ਹਰ ਐਤਵਾਰ ਵਟਸਐਪ ਰਾਹੀਂ ਬੱਚੇ ਦੀ ਉਮਰ ਅਨੁਸਾਰ ਵੀਡੀਓ ਪ੍ਰਾਪਤ ਹੋਣਗੀਆਂ। ਇਹ ਵੀਡੀਓ ਬੱਚੇ ਦੇ ਵਿਕਾਸ ਦੇ ਹਰ ਪੜਾਅ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਬੱਚਿਆਂ ਦੇ ਬੌਧਿਕ, ਭਾਸ਼ਾਈ, ਸਮਾਜਿਕ, ਭਾਵਨਾਤਮਕ ਅਤੇ ਸਰੀਰਕ ਵਿਕਾਸ ਦੇ ਨਾਲ-ਨਾਲ ਖੇਡ-ਅਧਾਰਿਤ ਸਿੱਖਣ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤਰ੍ਹਾਂ ਮਾਪਿਆਂ ਨੂੰ ਬੱਚੇ ਦੀ ਉਮਰ ਅਤੇ ਵਿਕਾਸੀ ਲੋੜਾਂ ਅਨੁਸਾਰ ਸਮੇਂ-ਸਮੇਂ ‘ਤੇ ਵੀਡੀਓ ਪ੍ਰਾਪਤ ਹੁੰਦੀਆਂ ਰਹਿਣਗੀਆਂ, ਤਾਂ ਜੋ ਉਹ ਘਰ ਵਿੱਚ ਹੀ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾ ਸਕਣ।
ਹਰੇਕ ਵੀਡੀਓ ਦੇ ਅੰਤ ਵਿੱਚ ਮਾਪਿਆਂ ਲਈ ਇੱਕ ਛੋਟਾ ਪ੍ਰਸ਼ਨ ਵੀ ਸ਼ਾਮਲ ਕੀਤਾ ਜਾਵੇਗਾ, ਜਿਸ ਰਾਹੀਂ ਉਹ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਸਬੰਧੀ ਆਪਣੀ ਸਮਝ ਨੂੰ ਦਰਸਾ ਸਕਣਗੇ। ਪ੍ਰੋਜੈਕਟ ਵਿੱਚ ਨਿਯਮਿਤ ਭਾਗੀਦਾਰੀ ਕਰਨ ਵਾਲੇ ਮਾਪਿਆਂ ਨੂੰ ਵਿਭਾਗ ਵੱਲੋਂ ਡਿਜ਼ਿਟਲ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ।
ਸਿਖਲਾਈ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੇਕਰ ਕਿਸੇ ਪਰਿਵਾਰ ਵਿੱਚ 0 ਤੋਂ 3 ਸਾਲ ਉਮਰ ਦੇ ਦੋ ਬੱਚੇ ਹਨ ਤਾਂ ਛੋਟੇ ਬੱਚੇ ਨੂੰ ਪਹਿਲ ਦੇ ਆਧਾਰ ‘ਤੇ ਪ੍ਰੋਜੈਕਟ ਨਾਲ ਜੋੜਿਆ ਜਾਵੇਗਾ। ਜੇਕਰ ਪਰਿਵਾਰ ਵਿੱਚ ਦੋ ਸਮਾਰਟਫੋਨ ਉਪਲਬਧ ਹਨ ਤਾਂ ਦੋਵੇਂ ਬੱਚਿਆਂ ਦਾ ਵੱਖ-ਵੱਖ ਰਜਿਸਟ੍ਰੇਸ਼ਨ ਵੀ ਕੀਤਾ ਜਾ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਤਿੰਦਰਪਾਲ ਕੌਰ ਧਾਰੀਵਾਲ ਨੇ ਕਿਹਾ ਕਿ ਬੱਚੇ ਦੇ ਜੀਵਨ ਦੇ ਪਹਿਲੇ ਤਿੰਨ ਸਾਲ ਉਸ ਦੇ ਸਰਵਪੱਖੀ ਵਿਕਾਸ ਦੀ ਮਜ਼ਬੂਤ ਨੀਂਹ ਹੁੰਦੇ ਹਨ। “ਨਿੱਕੇ ਕਦਮ” ਪਾਇਲਟ ਪ੍ਰੋਜੈਕਟ ਮਾਪਿਆਂ ਨੂੰ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਵਿੱਚ ਸਰਗਰਮ ਭਾਗੀਦਾਰ ਬਣਾਉਣ ਵੱਲ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਸਮੂਹ ਆਂਗਣਵਾੜੀ ਵਰਕਰਾਂ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਯੋਗ ਪਰਿਵਾਰਾਂ ਨੂੰ ਇਸ ਪ੍ਰੋਜੈਕਟ ਨਾਲ ਜੋੜ ਕੇ ਇਸ ਨੂੰ ਸਫ਼ਲ ਬਣਾਇਆ ਜਾਵੇ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾਵੇ।
ਇਸ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਬਲਾਕ ਮਹਿਲ ਕਲਾਂ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਨੇ ਭਾਗ ਲਿਆ।