ਇਸਲਾਮਾਬਾਦ: 02 Sep 2026 AJ DI Awaaj
International Desk : ਪਾਕਿਸਤਾਨ ਦੇ ਸਿੱਖ ਐਂਕਰ ਹਰਮੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਸਲਾਮਾਬਾਦ ਪੁਲਿਸ ਨੇ ਉਨ੍ਹਾਂ ਦੇ ਡਿਜੀਟਲ ਸਟੂਡੀਓ ’ਤੇ ਛਾਪਾ ਮਾਰਿਆ ਅਤੇ ਉੱਥੇ ਮੌਜੂਦ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਕੁੱ*ਟਮਾਰ ਕੀਤੀ। ਹਰਮੀਤ ਸਿੰਘ ਨੇ ਪੁਲਿਸ ’ਤੇ ਸਟੂਡੀਓ ਤੋਂ ਕੁਝ ਸਾਮਾਨ ਲਿਜਾਣ ਦੇ ਵੀ ਦੋ*ਸ਼ ਲਗਾਏ ਹਨ।
ਹਰਮੀਤ ਸਿੰਘ ਵੱਲੋਂ ਜਾਰੀ ਕੀਤੀ ਗਈ ਵੀਡੀਓ ਮੁਤਾਬਕ, ਪੁਲਿਸ ਕਾਰਵਾਈ ਕਾਰਨ ਉਨ੍ਹਾਂ ਦੇ ਡਿਜੀਟਲ ਪਲੇਟਫਾਰਮ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਟੂਡੀਓ ਤੋਂ ਕੁਝ ਉਪਕਰਨ ਵੀ ਪੁਲਿਸ ਆਪਣੇ ਨਾਲ ਲੈ ਗਈ।
ਟੀਵੀ ਤੋਂ ਬਾਅਦ ਡਿਜੀਟਲ ਪਲੇਟਫਾਰਮ ਸ਼ੁਰੂ ਕਰਨ ਦਾ ਦਾਅਵਾ
ਹਰਮੀਤ ਸਿੰਘ ਮੁਤਾਬਕ ਟੈਲੀਵਿਜ਼ਨ ਤੋਂ ਬੈਨ ਹੋਣ ਅਤੇ ਨੌਕਰੀ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਜਮ੍ਹਾਂ ਪੂੰਜੀ ਲਗਾ ਕੇ ਡਿਜੀਟਲ ਸਟੂਡੀਓ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਮਰਾਨ ਖਾਨ ਨਾਲ ਸਬੰਧਤ ਖ਼ਬਰਾਂ ਚਲਾਉਣ ਨੂੰ ਲੈ ਕੇ ਵੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਨੇ ਪਾਕਿਸਤਾਨ ਸਰਕਾਰ ਅਤੇ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਇਸ ਨੂੰ ਆਪਣੀ ਪੱਤਰਕਾਰੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਦੱਸਿਆ ਹੈ।
ਹਾਲਾਂਕਿ, ਹਰਮੀਤ ਸਿੰਘ ਵੱਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ’ਤੇ ਪੁਲਿਸ ਜਾਂ ਪਾਕਿਸਤਾਨੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਲਈ ਰੇਡ, ਕੁੱ*ਟਮਾਰ ਅਤੇ ਸਾਮਾਨ ਲਿਜਾਣ ਸਬੰਧੀ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ ਹੈ।



















