ਪੰਜਾਬ ਨੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦੇ ਕੇ ਸੂਬੇ ਦਾ ਨਾਮ ਲਿਸ਼ਕਾਇਆ

1

ਨੰਗਲ 31 ਅਗਸਤ 2026 AJ DI Awaaj

Punjab Desk   : ਪੰਜਾਬ ਦੇ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਪਿੰਡ ਥਲੂਹ ਵਿਖੇ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਦੇ ਅਨੇਕਾਂ ਖਿਡਾਰੀ ਦਿੱਤੇ ਹਨ, ਜਿਨ੍ਹਾਂ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਨਾਲ ਸੂਬੇ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਨਹੀਂ, ਸਗੋਂ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਅੱਗੇ ਵਧਣ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਟੂਰਨਾਮੈਂਟ ਦੇ ਆਯੋਜਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਪੱਧਰ ’ਤੇ ਅਜਿਹੇ ਖੇਡ ਮੁਕਾਬਲੇ ਕਰਵਾਉਣਾ ਨੌਜਵਾਨ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਸੈਂਕੜੇ ਖੇਡ ਮੈਦਾਨ ਤਿਆਰ ਕਰਕੇ ਨੌਜਵਾਨਾਂ ਨੂੰ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੀ ਖੇਡਣ ਲਈ ਢੁਕਵਾਂ ਵਾਤਾਵਰਨ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਪੰਜਾਬ ਦਾ ਕੋਈ ਵੀ ਨੌਜਵਾਨ ਖੇਡ ਸਹੂਲਤਾਂ ਦੀ ਘਾਟ ਕਾਰਨ ਆਪਣੀ ਪ੍ਰਤਿਭਾ ਨੂੰ ਅੱਗੇ ਨਾ ਲੈ ਕੇ ਜਾ ਸਕੇ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਨੂੰ ਵਿਕਸਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਮੁੜ ਦੇਸ਼ ਦੀ ਖੇਡ ਨਰਸਰੀ ਵਜੋਂ ਆਪਣੀ ਪਛਾਣ ਮਜ਼ਬੂਤ ਕਰ ਸਕੇ।
ਉਨ੍ਹਾਂ ਕਿਹਾ ਕਿ “ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਦਾ ਵਾਸ ਹੁੰਦਾ ਹੈ” ਅਤੇ ਨੌਜਵਾਨਾਂ ਦਾ ਖੇਡਾਂ ਵੱਲ ਵੱਧ ਰਿਹਾ ਰੁਝਾਨ ਪੰਜਾਬ ਦੇ ਸੁਨਹਿਰੇ ਭਵਿੱਖ ਦਾ ਸੰਕੇਤ ਹੈ। ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡ ਮੈਦਾਨਾਂ ਵੱਲ ਮੋੜਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਅਸਰ ਹੁਣ ਖੇਡ ਮੈਦਾਨਾਂ ਵਿੱਚ ਵੀ ਸਪੱਸ਼ਟ ਤੌਰ ’ਤੇ ਨਜ਼ਰ ਆ ਰਿਹਾ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਹੀ ਇੱਕ ਤੰਦਰੁਸਤ, ਨਸ਼ਾ-ਮੁਕਤ ਅਤੇ ਮਜ਼ਬੂਤ ਪੰਜਾਬ ਦੀ ਨੀਂਹ ਰੱਖੀ ਜਾ ਸਕਦੀ ਹੈ।
ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਕਰਵਾਏ ਜਾਣ ਵਾਲੇ ਖੇਡ ਟੂਰਨਾਮੈਂਟ ਨੌਜਵਾਨਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਪਿੰਡ ਥਲੂ ਦੇ ਖੇਡ ਟੂਰਨਾਮੈਂਟ ਦੇ ਪ੍ਰਬੰਧਕਾਂ, ਖਿਡਾਰੀਆਂ ਅਤੇ ਪਿੰਡ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨੂੰ ਲਗਾਤਾਰ ਜਾਰੀ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਲਈ ਬਿਹਤਰ ਸਹੂਲਤਾਂ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ, ਸਖ਼ਤ ਮਿਹਨਤ ਕਰਨ ਅਤੇ ਆਪਣੇ ਮਾਪਿਆਂ, ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਦੀਪਕ ਸੋਨੀ  ਚੇਅਰਮੈਨ ਖੱਤਰੀ ਅਰੋੜਾ ਵੈਲਫੇਅਰ ਬੋਰਡ ,  ਕਮਿੱਕਰ ਸਿੰਘ ਢਾਡੀ ਹਲਕਾ ਸੰਗਠਨ  ਇੰਚਾਰਜ , ਗੁਰਪ੍ਰੀਤ ਅਰੋੜਾ ਚੇਅਰਮੈਨ ਵਪਾਰ ਕਮਿਸ਼ਨ, ਦਿਲਜੀਤ ਸਿੰਘ ਬਲਾਕ ਸੰਮਤੀ ਮੈਂਬਰ , ਜਸਪਾਲ ਸਿੰਘ ਢਾਹੇ ਜ਼ਿਲਾ ਪ੍ਰੀਸ਼ਦ ਮੈਂਬਰ , ਭਾਰਦਵਾਜ ਸਰਪੰਚ ਜਿੰਦਵਾੜੀ , ਭਗਵੰਤ ਸਿੰਘ ਅਟਵਾਲ ਸਰਪੰਚ ਥਲੂਹ ,  ਪਰਮਜੀਤ ਸਰਪੰਚ ਮੰਗਲੂਰ, ਸੋਮਨਾਥ , ਮਨੂ ਪੁਰੀ , ਕੁਲਵਿੰਦਰ ਬਿੰਦਰਾ, ਸੁਮਿਤ , ਨੀਰਜ ਨੱਡਾ , ਮਦਨ ਸਿੰਘ , ਦੀਪਕ  ਨੱਡਾ , ਕਾਲੂ , ਕਾਕੂ , ਵਿਜੇ ,  ਨਰੇਸ਼ ਹਾਜ਼ਰ ਸਨ।