ਵਿਦੇਸ਼ ਭੇਜਣ ਦੇ ਨਾਂ ‘ਤੇ 34.29 ਲੱਖ ਦੀ ਕਥਿਤ ਠੱ*ਗੀ

36

ਪਠਾਨਕੋਟ 29 July 2026 AJ DI Awaaj

Punjab Desk :  ਪਠਾਨਕੋਟ ਵਿੱਚ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨਾਲ ਕਥਿਤ ਤੌਰ ‘ਤੇ ਲੱਖਾਂ ਰੁਪਏ ਦੀ ਠੱ*ਗੀ ਦੇ ਤਿੰਨ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ। ਮਲੇਸ਼ੀਆ ਵਰਕ ਪਰਮਿਟ, ਇਟਲੀ ਵਿੱਚ ਪੱਕੀ ਰਿਹਾਇਸ਼ (ਪੀ.ਆਰ.) ਅਤੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਕੁੱਲ 34.29 ਲੱਖ ਰੁਪਏ ਦੀ ਕਥਿਤ ਠੱ*ਗੀ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਨੁਸਾਰ, ਤਿੰਨਾਂ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਸੰਬੰਧਿਤ ਥਾਣਿਆਂ ਵਿੱਚ ਮਾਮਲੇ ਦਰਜ ਕੀਤੇ ਗਏ ਹਨ। ਦੋਸ਼ੀਆਂ ਦੀ ਭੂਮਿਕਾ, ਵਿੱਤੀ ਲੈਣ-ਦੇਣ ਅਤੇ ਹੋਰ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਪਹਿਲੇ ਮਾਮਲੇ ਵਿੱਚ ਪਿੰਡ ਪਵਾਰ ਦੇ ਰਹਿਣ ਵਾਲੇ ਯੋਗੇਸ਼ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਮਲੇਸ਼ੀਆ ਵਰਕ ਪਰਮਿਟ ‘ਤੇ ਭੇਜਣ ਦਾ ਭਰੋਸਾ ਦੇ ਕੇ 2.50 ਲੱਖ ਰੁਪਏ ਲਏ ਗਏ। ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-2 ਪੁਲਿਸ ਨੇ ਪਠਾਨਕੋਟ ਨਿਵਾਸੀ ਮਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਦੂਜੇ ਮਾਮਲੇ ਵਿੱਚ ਸ਼ਿਵ ਦਿਆਲ ਨੇ ਸ਼ਿਕਾਇਤ ਕੀਤੀ ਕਿ ਇਟਲੀ ਵਿੱਚ ਰਹਿੰਦੇ ਉਸ ਦੇ ਪੁੱਤਰ ਗੁਰਦੀਪ ਸਿੰਘ ਨੂੰ ਇੱਕ ਵਿਅਕਤੀ ਨੇ ਇਟਲੀ ਦੀ ਪੱਕੀ ਰਿਹਾਇਸ਼ (ਪੀ.ਆਰ.) ਦਿਵਾਉਣ ਦਾ ਭਰੋਸਾ ਦਿੱਤਾ। ਇਸ ਕੰਮ ਲਈ ਪਹਿਲਾਂ 8 ਲੱਖ ਰੁਪਏ ਮੰਗੇ ਗਏ, ਪਰ ਬਾਅਦ ਵਿੱਚ ਵੱਖ-ਵੱਖ ਕਿਸ਼ਤਾਂ ਰਾਹੀਂ ਕੁੱਲ 9.29 ਲੱਖ ਰੁਪਏ ਲਏ ਗਏ। ਦੋਸ਼ ਹੈ ਕਿ ਨਾ ਤਾਂ ਪੀ.ਆਰ. ਬਣਵਾਈ ਗਈ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਵੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤੀਜੇ ਮਾਮਲੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਜਰਨੈਲ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਤਿੰਨ ਵਿਅਕਤੀਆਂ ਨੇ 22.50 ਲੱਖ ਰੁਪਏ ਹਾਸਲ ਕਰ ਲਏ। ਸ਼ਿਕਾਇਤ ਅਨੁਸਾਰ, ਦੋਸ਼ੀਆਂ ਨੇ ਬੈਂਕ ਖਾਤਿਆਂ ਰਾਹੀਂ ਅਤੇ ਨਕਦ ਰਕਮ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਦੇ ਪੁੱਤਰ ਨੂੰ ਦਿੱਲੀ ਅਤੇ ਹੋਰ ਦੇਸ਼ਾਂ ਵਿੱਚ ਭੇਜ ਕੇ ਵਾਧੂ ਖਰਚੇ ਵੀ ਕਰਵਾਏ ਗਏ, ਪਰ ਅੰਤ ਵਿੱਚ ਨਾ ਤਾਂ ਉਸ ਨੂੰ ਅਮਰੀਕਾ ਭੇਜਿਆ ਗਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ।

ਪੁਲਿਸ ਨੇ ਤਿੰਨਾਂ ਮਾਮਲਿਆਂ ਵਿੱਚ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਵਿੱਤੀ ਲੈਣ-ਦੇਣ ਅਤੇ ਹੋਰ ਸਬੂਤਾਂ ਦੀ ਜਾਂਚ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।