ਪੰਜਾਬੀ ਸੂਬਾ ਅਤੇ ਰਾਜ ਭਾਸ਼ਾ ਐਕਟ’ ਵਿਸ਼ੇ ‘ਤੇ ਸੈਮੀਨਾਰ 20 ਜੁਲਾਈ ਨੂੰ

2

ਫ਼ਿਰੋਜ਼ਪੁਰ, 17 ਜੁਲਾਈ 2026 AJ DI Awaaj

Punjab Desk :  ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਜ਼ਿਲ੍ਹਾ ਲਾਇਬਰੇਰੀ ਦੇ ਸਹਿਯੋਗ ਨਾਲ 20 ਜੁਲਾਈ ਦਿਨ ਸੋਮਵਾਰ ਨੂੰ ਜ਼ਿਲ੍ਹਾ ਲਾਇਬਰੇਰੀ, ਫ਼ਿਰੋਜ਼ਪੁਰ ਵਿਖੇ ਸਵੇਰੇ 10:30 ਵਜੇ ‘ਪੰਜਾਬੀ ਸੂਬਾ ਅਤੇ ਰਾਜ ਭਾਸ਼ਾ ਐਕਟ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰਿਆਂ ਵਜੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਅਤੇ ਭਾਸ਼ਾ ਚਿੰਤਕ ਡਾ. ਰਮੇਸ਼ਵਰ ਸਿੰਘ ਕਟਾਰਾ ਜ਼ਿਲ੍ਹਾ ਲਾਇਬਰੇਰੀ ਫ਼ਿਰੋਜ਼ਪੁਰ ਦੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਣਗੇ। ਪੰਜਾਬੀ ਸੂਬੇ ਦੇ ਇਤਿਹਾਸ, ਪੰਜਾਬੀ ਸੂਬੇ ਵਿੱਚ ਪੰਜਾਬੀ ਭਾਸ਼ਾ ਦਾ ਮਹੱਤਵ ਅਤੇ ਰਾਜ ਭਾਸ਼ਾ ਐਕਟ ਦੇ ਵਿਭਿੰਨ ਪਹਿਲੂਆਂ ਬਾਰੇ ਇਸ ਸੈਮੀਨਾਰ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਲਾਇਬਰੇਰੀ ਫ਼ਿਰੋਜ਼ਪੁਰ ਵਿੱਚ ਲਗਭਗ 100 ਦੇ ਕਰੀਬ ਵਿਦਿਆਰਥੀ ਵੱਖ-ਵੱਖ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਆਉਂਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾਉਣ ਦਾ ਮੌਕਾ ਮਿਲ ਸਕਦਾ ਹੈ। ਇਸ ਲਈ ਇਹਨਾਂ ਵਿਦਿਆਰਥੀਆਂ ਨੂੰ ਪੰਜਾਬੀ ਸੂਬੇ ਦੇ ਇਤਿਹਾਸ, ਵਰਤਮਾਨ ਅਤੇ ਰਾਜ ਭਾਸ਼ਾ ਐਕਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਉਹਨਾਂ ਸਾਰੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਜੋ ਭਵਿੱਖ ਵਿੱਚ ਪੰਜਾਬ ਦੇ ਕਿਸੇ ਨਾ ਕਿਸੇ ਵਿਭਾਗ ਵਿੱਚ ਕੋਈ ਸਰਕਾਰੀ ਸੇਵਾ ਨਿਭਾਉਣ ਦੀ ਇੱਛਾ ਰੱਖਦੇ ਹਨ।
ਇਸ ਸੈਮੀਨਾਰ ਦਾ ਸੰਚਾਲਣ ਲਾਇਬਰੇਰੀਅਨ ਸ੍ਰੀ ਰਜਨੀਸ਼ ਕੁਮਾਰ ਕਰਨਗੇ ਅਤੇ ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸ੍ਰੀ ਚੇਤਨ ਕੁਮਾਰ ਦੀ ਅਗਵਾਈ ਵਿੱਚ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ।
**