3 ਅਗਸਤ ਤੱਕ ਬੀ.ਐਲ.ਓਜ਼ ਵੱਲੋਂ ਕੀਤਾ ਜਾਵੇਗਾ ਘਰ ਘਰ ਸਰਵੇ

26

ਫ਼ਿਰੋਜ਼ਪੁਰ, 17 ਜੁਲਾਈ 2026 AJ DI Awaaj

Punjab Desk :   ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਆਈ.ਏ.ਐੱਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਲਈ ਪਹਿਲਾਂ ਜਾਰੀ ਕੀਤੇ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ) ਦੇ ਸ਼ਡਿਊਲ ਵਿੱਚ ਤਬਦੀਲੀ ਕਰਨ ਉਪਰੰਤ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸੋਧੇ ਸ਼ਡਿਊਲ ਅਨੁਸਾਰ ਮਿਤੀ 24 ਜੁਲਾਈ 2026 ਤੱਕ ਚੱਲਣ ਵਾਲਾ ਐਨਿਊਮਰੇਸ਼ਨ ਫੇਜ਼ (ਘਰ-ਘਰ ਸਰਵੇ) ਹੁਣ ਮਿਤੀ 03 ਅਗਸਤ 2026 ਤੱਕ ਚੱਲੇਗਾ, ਵੋਟਰ ਸੂਚੀ ਦੀ ਮਿਤੀ 03 ਅਗਸਤ 2026 ਨੂੰ ਹੋਣ ਵਾਲੀ ਡਰਾਫਟ ਪਬਲੀਕੇਸ਼ਨ ਹੁਣ ਮਿਤੀ 13 ਅਗਸਤ 2026 ਨੂੰ, ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਮਿਤੀ ਹੁਣ 13 ਅਗਸਤ 2026 ਤੋਂ 12 ਸਤੰਬਰ 2026 ਤੱਕ ਅਤੇ ਨੋਟਿਸ ਫੇਜ਼/ਦਾਅਵੇ ਅਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਮਿਤੀ ਹੁਣ 13 ਅਗਸਤ 2026 ਤੋਂ 08 ਅਕਤੂਬਰ 2026 ਤੱਕ ਹੋਵੇਗੀ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ / ਰੀਅਰੇਂਜਮੈਂਟ ਦੀ ਪ੍ਰਕਿਰਿਆ ਹੁਣ ਮਿਤੀ 03 ਅਗਸਤ 2026 ਤੱਕ ਮੁਕੰਮਲ ਕੀਤੀ ਜਾਵੇਗੀ ਅਤੇ ਵੋਟਰ ਸੂਚੀ ਦੀ ਫਾਈਨਲ ਪਬਲੀਕੇਸ਼ਨ (ਅੰਤਿਮ ਪ੍ਰਕਾਸ਼ਨਾ) ਜੋ ਕਿ ਪਹਿਲਾਂ ਮਿਤੀ 01 ਅਕਤੂਬਰ 2026 ਨੂੰ ਕੀਤੀ ਜਾਣੀ ਸੀ, ਹੁਣ ਮਿਤੀ 12 ਅਕਤੂਬਰ 2026 ਨੂੰ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੋਟਰਾਂ/ਨਾਗਰਿਕਾਂ ਵੱਲੋਂ ਐਸ.ਆਈ.ਆਰ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਵਿਧਾਨ ਸਭਾ ਹਲਕਾ ਪੱਧਰ ’ਤੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰ ਵਿਖੇ ਜਾਂ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਗਠਿਤ ਹੈਲਪ ਡੈਸਕ ਅਤੇ ਸ਼ਿਕਾਇਤ ਲਈ ਸ਼ਿਕਾਇਤ ਨਿਵਾਰਨ ਸੈੱਲ ਵਿੱਚ ਨਿੱਜੀ ਤੌਰ ’ਤੇ ਦਫ਼ਤਰੀ ਸਮੇਂ ਦੌਰਾਨ ਪਹੁੰਚ ਕੀਤੀ ਜਾ ਸਕਦੀ ਹੈ ਜਾਂ ਟੋਲ ਫ੍ਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ/ਵੋਟਰਾਂ ਨੂੰ ਵਿਸ਼ੇਸ਼ ਗਹਿਰੀ ਸੁਧਾਈ ਦੌਰਾਨ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਵੋਟਰ ਸੂਚੀ ਨੂੰ ਸੋਧਣ ਦੀ ਇਸ ਮਹੱਤਪੂਰਨ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਅਤੇ ਪਾਰਦਰਸ਼ਤਾ ਨਾਲ ਪੂਰਾ ਕੀਤਾ ਜਾ ਸਕੇ। ਉਨ੍ਹਾਂ ਸਮੂਹ ਯੋਗ ਵੋਟਰਾਂ, ਖਾਸ ਕਰਕੇ ਨੌਜਵਾਨਾਂ ਅਤੇ ਨਵੇਂ ਯੋਗ ਬਣੇ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੇ ਅਤੇ ਆਪਣੇ ਪਰਿਵਾਰ ਦੇ ਹਰ ਯੋਗ ਮੈਂਬਰ ਦੀ ਵੋਟ ਬਣਵਾਉਣ ਅਤੇ ਸਾਰੇ ਲੋੜੀਂਦੇ ਫਾਰਮ ਸਮੇਂ ਸਿਰ ਬੀ.ਐਲ.ਓ. ਕੋਲ ਜਮ੍ਹਾਂ ਕਰਵਾਉਣ।