ਇੰਟਰਨਸ਼ਿਪ ਪ੍ਰੋਗਰਾਮ ਲਈ ਯੋਗ ਨੌਜਵਾਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ

28

ਫ਼ਰੀਦਕੋਟ, 7 ਜੁਲਾਈ 2026 AJ DI Awaaj

Punjab Desk :  ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗਾਂ ਵਿੱਚ ਵਿਹਾਰਕ ਤਜਰਬਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ (ਪੀ.ਐੱਮ.ਆਈ.ਐੱਸ.) ਅਧੀਨ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਯੋਗ ਉਮੀਦਵਾਰਾਂ ਨੂੰ ਇਸ ਪ੍ਰੋਗਰਾਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ  ਸ੍ਰੀ ਗੁਰਤੇਜ ਸਿੰਘ  ਨੇ ਦੱਸਿਆ ਕਿ ਇੰਟਰਨਸ਼ਿਪ ਦੌਰਾਨ ਚੁਣੇ ਗਏ ਉਮੀਦਵਾਰਾਂ ਨੂੰ 9,000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇੰਟਰਨਸ਼ਿਪ ਜੁਆਇਨ ਕਰਨ ਸਮੇਂ ਇੱਕ ਵਾਰ ਲਈ 6,000 ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਬੀਮਾ ਕਵਰ ਦੀ ਸਹੂਲਤ ਵੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਯੋਗਤਾ ਦਸਵੀਂ, ਬਾਰ੍ਹਵੀਂ, ਆਈ.ਟੀ.ਆਈ. ਜਾਂ ਗ੍ਰੈਜੂਏਸ਼ਨ ਪਾਸ ਹੈ। ਉਮੀਦਵਾਰ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਪਰਿਵਾਰ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਘੱਟ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿੱਚ ਨਹੀਂ ਹੋਣਾ ਚਾਹੀਦਾ।

ਰਜਿਸਟ੍ਰੇਸ਼ਨ ਸਮੇਂ ਉਮੀਦਵਾਰ ਕੋਲ ਦਸਵੀਂ, ਬਾਰ੍ਹਵੀਂ, ਆਈ.ਟੀ.ਆਈ. ਜਾਂ ਗ੍ਰੈਜੂਏਸ਼ਨ ਦੇ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਪਾਸਬੁੱਕ ਅਤੇ ਓ.ਟੀ.ਪੀ. ਪ੍ਰਾਪਤ ਕਰਨ ਲਈ ਚਾਲੂ ਮੋਬਾਈਲ ਫ਼ੋਨ ਹੋਣਾ ਲਾਜ਼ਮੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਯੋਗ ਉਮੀਦਵਾਰ ਸਰਕਾਰ ਦੀ ਵੈੱਬਸਾਈਟ pminternship.mca.gov.in ‘ਤੇ ਖ਼ੁਦ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਜੇਕਰ ਰਜਿਸਟ੍ਰੇਸ਼ਨ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਦਫ਼ਤਰੀ ਸਮੇਂ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਪੁਰਾਣਾ ਸੰਧੂ ਪੈਲੇਸ, ਤਲਵੰਡੀ ਬਾਈਪਾਸ ਰੋਡ, ਰੈੱਡ ਕਰਾਸ ਬਿਰਧ ਆਸ਼ਰਮ ਦੀ ਪਹਿਲੀ ਮੰਜ਼ਿਲ, ਫ਼ਰੀਦਕੋਟ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।