ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ ਆਰ. ਨੇਤ ਨੇ ਮੰਗੀ ਮੁਆਫ਼ੀ

24

ਚੰਡੀਗੜ੍ਹ: 18 June 2026 AJ DI Awaaj

Chandigarh Desk :  ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਆਰ. ਨੇਤ ਆਪਣੇ ਨਵੇਂ ਗੀਤ ‘ਰੀਲ’ ਨੂੰ ਲੈ ਕੇ ਉੱਠੇ ਵਿਵਾਦ ਕਾਰਨ ਚਰਚਾ ਵਿੱਚ ਹਨ। ਵਧਦੇ ਵਿਰੋਧ ਦੇ ਦਰਮਿਆਨ ਗਾਇਕ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੋਂ ਮੁਆਫ਼ੀ ਮੰਗਦਿਆਂ ਆਪਣਾ ਪੱਖ ਸਾਂਝਾ ਕੀਤਾ ਹੈ।

ਆਪਣੀ ਫੇਸਬੁੱਕ ਪੋਸਟ ਵਿੱਚ ਆਰ. ਨੇਤ ਨੇ ਕਿਹਾ ਕਿ ਇੱਕ ਗੀਤਕਾਰ ਉਹੀ ਲਿਖਦਾ ਹੈ ਜੋ ਉਹ ਆਪਣੇ ਆਲੇ-ਦੁਆਲੇ ਦੇਖਦਾ ਅਤੇ ਮਹਿਸੂਸ ਕਰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਧਰਮ ਜਾਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨਾ ਉਨ੍ਹਾਂ ਦਾ ਕਦੇ ਵੀ ਉਦੇਸ਼ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਉਹ ਖੁਦ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਨ।

ਗਾਇਕ ਨੇ ਆਪਣੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਤੋਂ ਕੋਈ ਗਲਤੀ ਹੋਈ ਹੈ ਤਾਂ ਉਹ ਹਰ ਫ਼ੈਸਲਾ ਸਵੀਕਾਰ ਕਰਨ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕਾਂ ਵੱਲੋਂ ਗੀਤ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਉਹ ਲੋਕਾਂ ਦੀ ਰਾਏ ਨੂੰ ਹੀ ਅਹਿਮੀਅਤ ਦੇਣਗੇ।

ਜ਼ਿਕਰਯੋਗ ਹੈ ਕਿ ਆਰ. ਨੇਤ ਦੇ ਨਵੇਂ ਗੀਤ ‘ਰੀਲ’ ਨੂੰ ਲੈ ਕੇ ਲੁਧਿਆਣਾ ਵਿੱਚ ਹਿੰਦੂ ਸੰਗਠਨ ਸ਼ਿਵ ਸੈਨਾ ਪੰਜਾਬ ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਹੈ। ਸੰਗਠਨ ਦਾ ਦੋਸ਼ ਹੈ ਕਿ ਗੀਤ ਵਿੱਚ ਹਿੰਦੂ ਸਾਧੂਆਂ ਅਤੇ ਸਨਾਤਨ ਧਰਮ ਨਾਲ ਜੁੜੇ ਪਵਿੱਤਰ ਪ੍ਰਤੀਕਾਂ ਨੂੰ ਇਤਰਾਜ਼ਯੋਗ ਢੰਗ ਨਾਲ ਦਰਸਾਇਆ ਗਿਆ ਹੈ, ਜਿਸ ਨਾਲ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਵਿਵਾਦ ਵਧਣ ਤੋਂ ਬਾਅਦ ਆਰ. ਨੇਤ ਵੱਲੋਂ ਦਿੱਤੀ ਗਈ ਸਫ਼ਾਈ ਅਤੇ ਮੁਆਫ਼ੀ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਅੱਗੇ ਇਸ ਮਾਮਲੇ ਵਿੱਚ ਕੀ ਫ਼ੈਸਲਾ ਲਿਆ ਜਾਂਦਾ ਹੈ।