ਦਿੱਲੀ ਹਵਾਈ ਅੱਡੇ ਲਈ ਲਗਜ਼ਰੀ ਬੱਸ ਸੇਵਾ ਦਾ ਵਿਸਥਾਰ, ਮੰਤਰੀ ਹਰਪਾਲ ਸਿੰਘ ਚੀਮਾ ਨੇ 5 ਨਵੀਆਂ ਵੋਲਵੋ ਬੱਸਾਂ ਨੂੰ ਦਿਖਾਈ ਹਰੀ ਝੰਡੀ

18

9 ਜੂਨ 2026 Aj Di Awaaj

Punjab Desk:  ਪੰਜਾਬ ਸਰਕਾਰ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਯਾਤਰੀਆਂ ਨੂੰ ਬਿਹਤਰ ਅਤੇ ਆਰਾਮਦਾਇਕ ਸਫ਼ਰ ਮੁਹੱਈਆ ਕਰਵਾਉਣ ਲਈ ਆਪਣੀ ਲਗਜ਼ਰੀ ਬੱਸ ਸੇਵਾ ਦਾ ਹੋਰ ਵਿਸਥਾਰ ਕੀਤਾ ਹੈ। ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਪਨਬੱਸ ਦੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਸ ਮੌਕੇ ਚੀਮਾ ਨੇ ਕਿਹਾ ਕਿ ਜਲੰਧਰ ਅਤੇ ਲੁਧਿਆਣਾ ਤੋਂ ਸਿੱਧੀ ਦਿੱਲੀ ਏਅਰਪੋਰਟ ਤੱਕ ਚੱਲਣ ਵਾਲੀ ਇਹ ਸੇਵਾ ਐਨਆਰਆਈ ਭਾਈਚਾਰੇ, ਅੰਤਰਰਾਸ਼ਟਰੀ ਯਾਤਰੀਆਂ ਅਤੇ ਆਮ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਇਸ ਰੂਟ ‘ਤੇ ਕਥਿਤ ਟਰਾਂਸਪੋਰਟ ਮਾਫੀਆ ਦਾ ਪ੍ਰਭਾਵ ਵੀ ਖ਼ਤਮ ਹੋਵੇਗਾ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਕਿਫ਼ਾਇਤੀ ਜਨਤਕ ਆਵਾਜਾਈ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਦਿੱਲੀ ਏਅਰਪੋਰਟ ਬੱਸ ਸੇਵਾ ਦੀ ਸ਼ੁਰੂਆਤ 15 ਜੂਨ 2022 ਨੂੰ ਜਲੰਧਰ ਬੱਸ ਅੱਡੇ ਤੋਂ ਕੀਤੀ ਗਈ ਸੀ।

ਟਰਾਂਸਪੋਰਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਪਨਬੱਸ ਦੇ ਬੇੜੇ ਵਿੱਚ ਕੁੱਲ 15 ਨਵੀਆਂ ਸੁਪਰ ਇੰਟੀਗਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਪਹਿਲੇ ਪੜਾਅ ਤਹਿਤ 5 ਨਵੀਆਂ ਵੋਲਵੋ ਬੱਸਾਂ ਅੱਜ ਸੇਵਾ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ, ਜਦਕਿ ਬਾਕੀ ਬੱਸਾਂ ਵੀ ਜਲਦ ਚਾਲੂ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਨਵੀਆਂ ਬੱਸਾਂ ਹਰ ਰੋਜ਼ ਨਿਰਧਾਰਤ ਸਮੇਂ ਅਨੁਸਾਰ ਜਲੰਧਰ ਅਤੇ ਲੁਧਿਆਣਾ ਬੱਸ ਅੱਡਿਆਂ ਤੋਂ ਸਿੱਧਾ ਆਈਜੀਆਈ ਏਅਰਪੋਰਟ, ਦਿੱਲੀ ਲਈ ਰਵਾਨਾ ਹੋਣਗੀਆਂ। ਇਸ ਨਾਲ ਪੰਜਾਬ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਕਿਫ਼ਾਇਤੀ ਯਾਤਰਾ ਦੀ ਸਹੂਲਤ ਮਿਲੇਗੀ।

ਚੀਮਾ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜਨਤਕ ਆਵਾਜਾਈ ਤੰਤਰ ਨੂੰ ਆਧੁਨਿਕ ਬਣਾਉਣ ਲਈ ਵੱਡੇ ਪੱਧਰ ‘ਤੇ ਬੱਸਾਂ ਦਾ ਬੇੜਾ ਵਧਾਇਆ ਜਾ ਰਿਹਾ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਵਿੱਚ ਕੁੱਲ 696 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਪਨਬੱਸ ਵਿੱਚ 100 ਆਮ ਬੱਸਾਂ, 100 ਏਅਰ ਕੰਡੀਸ਼ਨਡ HVAC ਬੱਸਾਂ ਅਤੇ 10 ਹੋਰ ਸੁਪਰ ਇੰਟੀਗਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜਦਕਿ ਪੀਆਰਟੀਸੀ ਦੇ ਬੇੜੇ ਵਿੱਚ ਵੀ 245 ਨਵੀਆਂ ਬੱਸਾਂ ਜੋੜੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਵਿੱਚ ਜਨਤਕ ਆਵਾਜਾਈ ਦੀ ਗੁਣਵੱਤਾ, ਪਹੁੰਚ ਅਤੇ ਭਰੋਸੇਯੋਗਤਾ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਇਸ ਮੌਕੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਅਤੇ ਸਟੇਟ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ-ਕਮ-ਪਨਬੱਸ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਕੁਮਾਰ ਗੁਪਤਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।