ਅਮਰੀਕਾ ਵਿੱਚ ‘ਆਪ੍ਰੇਸ਼ਨ ਚੈੱਕਮੇਟ’ ਤਹਿਤ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ, ਡਿਪੋਰਟ ਕਰਨ ਦੀ ਤਿਆਰੀ

5

3 June 2026 Aj Di Awaaj

International Desk: ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਕੇ ਵਪਾਰਕ ਟਰੱਕ ਚਲਾਉਣ ਵਾਲੇ 30 ਭਾਰਤੀ ਨਾਗਰਿਕਾਂ ਨੂੰ ਇੱਕ ਵਿਸ਼ੇਸ਼ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਤਹਿਤ ਜਲਦ ਹੀ ਡਿਪੋਰਟ ਕੀਤਾ ਜਾਵੇਗਾ।

ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (CBP) ਮੁਤਾਬਕ, 11 ਤੋਂ 15 ਮਈ ਦਰਮਿਆਨ ਏਰੀਜ਼ੋਨਾ ਦੇ ਯੁਮਾ ਸੈਕਟਰ ਵਿੱਚ ਚਲਾਏ ਗਏ ‘ਆਪ੍ਰੇਸ਼ਨ ਚੈੱਕਮੇਟ’ ਤਹਿਤ ਕੁੱਲ 52 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਸਨ। ਇਨ੍ਹਾਂ ਵਿੱਚੋਂ 36 ਵਿਅਕਤੀ ਸੈਮੀ-ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਸਨ।

36 ਡਰਾਈਵਰਾਂ ਵਿੱਚੋਂ 30 ਭਾਰਤੀ

ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ 36 ਸੈਮੀ-ਟਰੱਕ ਡਰਾਈਵਰਾਂ ਵਿੱਚੋਂ 30 ਭਾਰਤੀ ਨਾਗਰਿਕ ਹਨ। ਬਾਕੀ ਛੇ ਵਿਅਕਤੀ ਮੈਕਸੀਕੋ, ਅਲ ਸਲਵਾਡੋਰ ਅਤੇ ਰੂਸ ਨਾਲ ਸਬੰਧਿਤ ਹਨ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁਝ ਡਰਾਈਵਰਾਂ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਸੂਬਿਆਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਮੌਜੂਦ ਸਨ, ਜਦਕਿ ਕੁਝ ਕੋਲ ਕਿਸੇ ਵੀ ਕਿਸਮ ਦਾ ਵੈਧ ਡਰਾਈਵਿੰਗ ਲਾਇਸੈਂਸ ਨਹੀਂ ਸੀ।

ਰੁਜ਼ਗਾਰ ਦਸਤਾਵੇਜ਼ਾਂ ਦੀ ਵੀ ਜਾਂਚ

CBP ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਵਿਅਕਤੀਆਂ ਕੋਲ ਰੁਜ਼ਗਾਰ ਅਥਾਰਾਈਜ਼ੇਸ਼ਨ ਨਾਲ ਜੁੜੇ ਦਸਤਾਵੇਜ਼ ਸਨ, ਜੋ ਉਨ੍ਹਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਸਨ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦਸਤਾਵੇਜ਼ ਹੁਣ ਵੈਧ ਨਹੀਂ ਮੰਨੇ ਜਾਂਦੇ।

ਆਪ੍ਰੇਸ਼ਨ ਚੈੱਕਮੇਟ’ ਦਾ ਮਕਸਦ

ਅਮਰੀਕੀ ਅਧਿਕਾਰੀਆਂ ਮੁਤਾਬਕ, ਆਪ੍ਰੇਸ਼ਨ ਚੈੱਕਮੇਟ ਦਾ ਉਦੇਸ਼ ਉਹਨਾਂ ਵਿਅਕਤੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨਾ ਹੈ ਜੋ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਰਹਿ ਕੇ ਵਪਾਰਕ ਮੋਟਰ ਵਾਹਨ ਚਲਾ ਰਹੇ ਹਨ।

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਖ਼ਿਲਾਫ਼ ਸੰਘੀ ਇਮੀਗ੍ਰੇਸ਼ਨ ਕਾਨੂੰਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਰਹੀ ਹੈ।