PMLA ਮਾਮਲੇ ‘ਚ ਰਮਨ ਅਰੋੜਾ ਤੋਂ ED ਦੀ ਲੰਬੀ ਪੁੱਛਗਿੱਛ

53

ਚੰਡੀਗੜ੍ਹ: 03 June 2026 AJ DI Awaaj

Chandigarh Desk :  ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਮੰਗਲਵਾਰ ਨੂੰ ਮਨੀ ਲਾਂ*ਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਦਫ਼ਤਰ ਵਿੱਚ ਪੇਸ਼ ਹੋਏ। ਈਡੀ ਵੱਲੋਂ ਜਾਰੀ ਸੰਮਨ ਦੇ ਤਹਿਤ ਉਹ ਸਵੇਰੇ ਕਰੀਬ 11 ਵਜੇ ਦਫ਼ਤਰ ਪਹੁੰਚੇ ਅਤੇ ਲਗਭਗ ਨੌਂ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਰਾਤ ਨੂੰ ਬਾਹਰ ਨਿਕਲੇ।

ਅਧਿਕਾਰੀਆਂ ਅਨੁਸਾਰ, ਦਫ਼ਤਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਨਿੱਜੀ ਸਮਾਨ ਜਮ੍ਹਾਂ ਕਰਵਾਇਆ ਗਿਆ, ਜਿਸ ਤੋਂ ਬਾਅਦ ਪੁੱਛਗਿੱਛ ਦੀ ਕਾਰਵਾਈ ਸ਼ੁਰੂ ਕੀਤੀ ਗਈ। ਈਡੀ ਨੇ ਮਨੀ ਲਾਂਡ*ਰਿੰਗ ਰੋਕਥਾਮ ਐਕਟ (PMLA) ਤਹਿਤ ਉਨ੍ਹਾਂ ਦਾ ਬਿਆਨ ਦਰਜ ਕੀਤਾ।

ਇਹ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨਾਲ ਸਬੰਧਿਤ ਹੈ। ਵਿਜੀਲੈਂਸ ਨੇ ਰਮਨ ਅਰੋੜਾ ਖ਼ਿਲਾਫ਼ ਕਰੀਬ 1.10 ਕਰੋੜ ਰੁਪਏ ਦੀ ਅਣਅਨੁਪਾਤਿਕ ਸੰਪਤੀ ਰੱਖਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਸੀ।

ਵਿਜੀਲੈਂਸ ਜਾਂਚ ਦੌਰਾਨ ਉਨ੍ਹਾਂ ‘ਤੇ ਇਹ ਦੋਸ਼ ਵੀ ਲਗਾਏ ਗਏ ਸਨ ਕਿ ਉਨ੍ਹਾਂ ਨੇ ਸਹਾਇਕ ਟਾਊਨ ਪਲੈਨਰ (ਏਟੀਪੀ) ਸੁਖਦੇਵ ਵਸ਼ਿਸ਼ਟ ਨਾਲ ਮਿਲ ਕੇ ਕੁਝ ਇਮਾਰਤ ਮਾਲਕਾਂ ਨੂੰ ਗੈਰ-ਕਾਨੂੰਨੀ ਨੋਟਿਸ ਜਾਰੀ ਕਰਵਾਏ। ਦੋਸ਼ਾਂ ਮੁਤਾਬਕ ਨੋਟਿਸਾਂ ਰਾਹੀਂ ਇਮਾਰਤਾਂ ਨੂੰ ਸੀਲ ਕਰਨ ਜਾਂ ਢਾਹੁਣ ਦੀ ਧ*ਮਕੀ ਦੇ ਕੇ ਮਾਮਲਿਆਂ ਦੇ ਨਿਪਟਾਰੇ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ।

ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਪੰਜ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜਿਆ ਸੀ। ਇਸੇ ਮਾਮਲੇ ਦੇ ਆਧਾਰ ‘ਤੇ ਈਡੀ ਨੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਹੈ।

ਇਸ ਤੋਂ ਇਲਾਵਾ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪਿਛਲੇ ਸਾਲ 23 ਅਗਸਤ ਨੂੰ ਵੀ ਅਰੋੜਾ ਖ਼ਿਲਾਫ਼ ਇੱਕ ਜਬਰਦਸਤੀ ਵਸੂਲੀ ਦਾ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਨੂੰ 2 ਸਤੰਬਰ ਨੂੰ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।

ਫਿਲਹਾਲ ਈਡੀ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।