ਮਾਨਸਾ ਪੁਲਿਸ ਵੱਲੋਂ ਵੱਖ-ਵੱਖ ਜੁਰਮਾਂ ਤਹਿਤ ਜ਼ਬਤ 18 ਵਹੀਕਲਾਂ ਦਾ ਜ਼ਾਬਤੇ ਅਨੁਸਾਰ ਕੀਤਾ ਨਿਪਟਾਰਾ

24

ਮਾਨਸਾ, 22 ਮਈ 2026 AJ DI Awaaj

Punjab Desk :  ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੌਰਵ ਯਾਦਵ, ਆਈ.ਪੀ.ਐੱਸ. ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਸਾ ਪੁਲਿਸ ਵੱਲੋਂ ਪੈਡਿੰਗ ਕੰਮਕਾਜ ਦਾ ਜ਼ਾਬਤੇ ਅਨੁਸਾਰ ਨਿਪਟਾਰਾ ਕਰਦਿਆਂ ਵਿਭਾਗ ਦੇ ਕੰਮਕਾਜ ਵਿੱਚ ਪ੍ਰਗਤੀ ਲਿਆਉਣ ਲਈ ਮੁਹਿੰਮ ਵਿੱਢੀ ਗਈ ਹੈ।
ਇਸ ਤਹਿਤ ਐੱਨ.ਡੀ.ਪੀ.ਐੱਸ.ਐਕਟ,102 ਸੀ.ਆਰ.ਪੀ.ਸੀ.,ਅਸਲਾ ਐਕਟ,ਆਬਕਾਰੀ ਐਕਟ ਅਤੇ ਆਈ.ਪੀ.ਸੀ. ਤਹਿਤ ਫੈਸਲਾਸ਼ੁਦਾ ਮੁਕੱਦਮੇ ਜਿੰਨ੍ਹਾਂ ਵਿੱਚ ਬਰਾਮਦ ਹੋਏ ਵਹੀਕਲਾਂ ਨੂੰ ਮਾਣਯੋਗ ਅਦਾਲਤਾਂ ਵੱਲੋਂ ਜ਼ਬਤ ਦਾ ਹੁਕਮ ਪਾਸ ਕੀਤਾ ਜਾ ਚੁੱਕਾ ਹੈੈ। ਅਜਿਹੇ ਮੁਕੱਦਮਿਆਂ ਦੇ ਜ਼ਬਤ ਕੀਤੇ 18 ਵਹੀਕਲਾਂ ਨੂੰ ਇਸ ਮੁਹਿੰਮ ਤਹਿਤ ਖੁੱਲ੍ਹੀ ਬੋਲੀ ਰਾਹੀਂ ਨਿਲਾਮ ਕਰਨ ਲਈ ਮਾਨਸਾ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਜ਼ਾਬਤੇ ਅਨੁਸਾਰ ਕਮੇਟੀ ਦਾ ਗਠਨ ਕਰਵਾਇਆ ਗਿਆ।
ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਇਸ ਗਠਿਤ ਕਮੇਟੀ ਵੱਲੋਂ ਪੁਲਿਸ ਲਾਇਨ ਮਾਨਸਾ ਵਿਖੇ ਖੁੱਲੀ ਬੋਲੀ ਰੱਖੀ ਗਈ ਸੀ, ਇਸ ਬੋਲੀ ਵਿੱਚ 35 ਬੋਲੀਕਾਰ ਸ਼ਾਮਲ ਹੋਏ, ਜਿੰਨ੍ਹਾਂ ਵੱਲੋਂ 18 ਵਹੀਕਲਾਂ ( 03 ਕਾਰਾਂ, 13 ਮੋਟਰਸਾਇਕਲ ਅਤੇ 02 ਸਕੂਟਰ) ਨੂੰ 2,50,000/- ਰੁਪਏ ਵਿੱਚ ਖਰੀਦ ਕੀਤਾ ਗਿਆ ਹੈ। ਇਸ ਕਮੇਟੀ ਵੱਲੋਂ ਜ਼ਾਬਤੇ ਅਨੁਸਾਰ ਇਹ ਰਾਸ਼ੀ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਈ ਜਾਵੇਗੀ।