ਰਾਜਸਥਾਨ 01 May 2026 AJ DI Awaaj
National Desk : ਸ਼੍ਰੀ ਗੰਗਾਨਗਰ ਵਿੱਚ ਵੀਰਵਾਰ ਨੂੰ ਇੱਕ ਚੌਕਾਉਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਭਾਜਪਾ ਦੇ ਵਿਧਾਇਕ ਜੈਦੀਪ ਬਿਹਾਨੀ ਨਾਲ ਉਨ੍ਹਾਂ ਦੇ ਹੀ ਸੇਵਾ ਕੇਂਦਰ ਵਿੱਚ ਹੱਥਾਪਾਈ ਹੋ ਗਈ। ਦੋਸ਼ ਹੈ ਕਿ ਰਾਜਸਥਾਨ ਅਰਬਨ ਇਨਫ੍ਰਾਸਟਰਕਚਰ ਡਿਵੈਲਪਮੈਂਟ ਪ੍ਰੋਜੈਕਟ (RUIDP) ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਬਹਿਸ ਇਸ ਕਦਰ ਵਧ ਗਈ ਕਿ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ।
ਜੈਦੀਪ ਬਿਹਾਨੀ ਮੁਤਾਬਕ, ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੈ। ਇਸ ਸਮੱਸਿਆ ‘ਤੇ ਚਰਚਾ ਕਰਨ ਲਈ ਉਨ੍ਹਾਂ ਨੇ RUIDP ਅਤੇ L&T ਦੇ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਸੱਦਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਵੱਲੋਂ ਸੰਤੋਸ਼ਜਨਕ ਜਵਾਬ ਨਾ ਮਿਲਣ ਕਾਰਨ ਤਕਰਾਰ ਹੋਈ, ਜੋ ਬਾਅਦ ਵਿੱਚ ਹਿੰ*ਸਕ ਰੂਪ ਧਾਰ ਗਈ।
ਵਿਧਾਇਕ ਦਾ ਦੋਸ਼ ਹੈ ਕਿ ਬਹਿਸ ਦੌਰਾਨ ਮੌਜੂਦ ਇੱਕ ਸਹਾਇਕ ਇੰਜੀਨੀਅਰ ਨੇ ਅਚਾਨਕ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਅੱਖ ਦੇ ਨੇੜੇ ਸੱਟ ਲੱਗੀ ਅਤੇ ਐਨਕ ਵੀ ਟੁੱਟ ਗਈ। ਮੌਕੇ ‘ਤੇ ਮੌਜੂਦ ਵਰਕਰਾਂ ਅਤੇ ਪੁਲਿਸ ਕਰਮਚਾਰੀਆਂ ਨੇ ਹਾਲਾਤ ਨੂੰ ਸੰਭਾਲਿਆ।
ਘਟਨਾ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਨੇ ਸਿਆਸੀ ਅਤੇ ਪ੍ਰਸ਼ਾਸਨਿਕ ਵਲਿਆਂ ਵਿੱਚ ਚਰਚਾ ਛੇੜ ਦਿੱਤੀ ਹੈ, ਜਦਕਿ ਭਾਜਪਾ ਵਰਕਰਾਂ ਵੱਲੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।














