Punjab 16 Jan 2026 AJ DI Awaaj
Punjab Desk : ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਜੀਰਕਪੁਰ ਸਥਿਤ ਗੋਦਾਮ ਏਰੀਆ ਵਿੱਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਕਲੀ ਦਵਾਈਆਂ ਤਿਆਰ ਕਰਨ ਵਾਲੀਆਂ ਦੋ ਫੈਕਟਰੀਆਂ ’ਤੇ ਵੱਡੀ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਭਾਰੀ ਮਾਤਰਾ ਵਿੱਚ ਤਿਆਰ ਕੀਤੀਆਂ ਦਵਾਈਆਂ ਅਤੇ ਹੋਰ ਉਤਪਾਦ ਬਰਾਮਦ ਹੋਏ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ।
ਪੁਲਿਸ ਦੀ ਇਹ ਕਾਰਵਾਈ ਕਰੀਬ ਛੇ ਘੰਟਿਆਂ ਤੱਕ ਚੱਲੀ। ਮੌਕੇ ’ਤੇ ਫੂਡ ਸੇਫਟੀ ਡਿਪਾਰਟਮੈਂਟ ਅਤੇ ਡਰੱਗ ਕੰਟਰੋਲ ਡਿਪਾਰਟਮੈਂਟ ਦੀਆਂ ਟੀਮਾਂ ਵੀ ਪਹੁੰਚੀਆਂ, ਜਿਨ੍ਹਾਂ ਵੱਲੋਂ ਸੈਂਪਲ ਭਰੇ ਗਏ ਅਤੇ ਇੱਕ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਸਾਂਝੀ ਕਾਰਵਾਈ ਦੌਰਾਨ ਕਈ ਕਿਸਮ ਦੀਆਂ ਸ਼ੱਕੀ ਦਵਾਈਆਂ ਅਤੇ ਉਤਪਾਦ ਜ਼ਬਤ ਕੀਤੇ ਗਏ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਆਈਪੀਐਸ ਅਧਿਕਾਰੀ ਗਜਲ ਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਇਲਾਕੇ ਵਿੱਚ ਨਕਲੀ ਦਵਾਈਆਂ ਬਣਾਏ ਜਾਣ ਸਬੰਧੀ ਸ਼ਿਕਾਇਤ ਮਿਲੀ ਸੀ। ਇਸ ਸੂਚਨਾ ਦੀ ਤਸਦੀਕ ਤੋਂ ਬਾਅਦ ਸਿਹਤ ਅਤੇ ਡਰੱਗ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਛਾਪੇਮਾਰੀ ਕੀਤੀ ਗਈ।
ਛਾਪੇ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਫੈਕਟਰੀਆਂ ਵਿੱਚ ਐਲੋਪੈਥਿਕ ਅਤੇ ਆਯੁਰਵੇਦਿਕ ਦਵਾਈਆਂ ਦੇ ਨਾਲ-ਨਾਲ ਫੂਡ ਸਪਲੀਮੈਂਟਸ ਅਤੇ ਬਿਊਟੀ ਪ੍ਰੋਡਕਟਸ ਵੀ ਤਿਆਰ ਕਰਕੇ ਵੱਡੇ ਪੱਧਰ ’ਤੇ ਸਪਲਾਈ ਕੀਤੇ ਜਾ ਰਹੇ ਸਨ। ਇਹ ਮਾਮਲਾ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਮੰਨਿਆ ਜਾ ਰਿਹਾ ਹੈ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਗਿਰਫ਼ਤਾਰੀਆਂ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।












