01 ਜਨਵਰੀ, 2026 ਅਜ ਦੀ ਆਵਾਜ਼
Business Desk: ਸਾਲ 2026 ਦੀ ਸ਼ੁਰੂਆਤ ਨਾਲ ਹੀ ਉਪਭੋਗਤਾਵਾਂ ਨੂੰ ਮਹਿੰਗਾਈ ਦਾ ਹੋਰ ਝਟਕਾ ਲੱਗ ਸਕਦਾ ਹੈ। 1 ਜਨਵਰੀ 2026 ਤੋਂ ਏਅਰ ਕੰਡੀਸ਼ਨਰ (AC) ਅਤੇ ਫ੍ਰਿਜ਼ ਵਰਗੇ ਕੂਲਿੰਗ ਉਪਕਰਣਾਂ ਦੀਆਂ ਕੀਮਤਾਂ 5 ਤੋਂ 10 ਫੀਸਦੀ ਤੱਕ ਵੱਧ ਸਕਦੀਆਂ ਹਨ। ਇਸ ਦਾ ਮੁੱਖ ਕਾਰਨ ਊਰਜਾ ਦੱਖਤਾ ਬਿਊਰੋ (BEE) ਵੱਲੋਂ ਨਵੀਂ ਸਟਾਰ ਰੇਟਿੰਗ ਪ੍ਰਣਾਲੀ ਦਾ ਲਾਗੂ ਹੋਣਾ ਹੈ।
ਉਦਯੋਗ ਮਾਹਿਰਾਂ ਮੁਤਾਬਕ, ਨਵੀਂ ਰੇਟਿੰਗ ਦੇ ਤਹਿਤ ਜ਼ਿਆਦਾ ਬਿਜਲੀ ਬਚਾਉਣ ਵਾਲੇ ਉਪਕਰਣ ਬਣਾਉਣ ਦੀ ਲਾਗਤ ਵਧੇਗੀ, ਜਿਸ ਦਾ ਅਸਰ ਸਿੱਧਾ ਕੀਮਤਾਂ ‘ਤੇ ਪਵੇਗਾ। ਪਹਿਲਾਂ GST ਕਟੌਤੀ ਨਾਲ ਮਿਲਣ ਵਾਲਾ ਲਾਭ ਹੁਣ ਖਤਮ ਹੋ ਸਕਦਾ ਹੈ।
ਨਵਾਂ 5-ਸਟਾਰ ਏਸੀ ਹੋਵੇਗਾ ਹੋਰ ਪਾਵਰ ਸੇਵਿੰਗ
ਬਲੂ ਸਟਾਰ ਦੇ ਮੈਨੇਜਿੰਗ ਡਾਇਰੈਕਟਰ ਬੀ. ਤਿਆਗਰਾਜਨ ਨੇ ਦੱਸਿਆ ਕਿ ਨਵੇਂ BEE ਨਿਯਮਾਂ ਅਨੁਸਾਰ 5-ਸਟਾਰ ਏਸੀ ਲਗਭਗ 10 ਫੀਸਦੀ ਵਧੇਰੇ ਊਰਜਾ ਬਚਾਉਣਗੇ, ਪਰ ਉਨ੍ਹਾਂ ਦੀ ਕੀਮਤ ਵੀ 10 ਫੀਸਦੀ ਤੱਕ ਵਧ ਸਕਦੀ ਹੈ।
ਉਨ੍ਹਾਂ ਮੁਤਾਬਕ 2025 ਦੇ 5-ਸਟਾਰ ਏਸੀ ਨੂੰ 2026 ਤੋਂ 4-ਸਟਾਰ ਵਿੱਚ ਡਾਊਨਗ੍ਰੇਡ ਕਰ ਦਿੱਤਾ ਜਾਵੇਗਾ।
ਕੂਲਿੰਗ ਉਦਯੋਗ ਵਿੱਚ ਵੱਡਾ ਬਦਲਾਅ
ਵੋਲਟਾਸ ਦੇ ਸੀਨੀਅਰ ਬਿਜ਼ਨਸ ਲੀਡਰ ਜਯੰਤ ਬਾਲਨ ਨੇ ਕਿਹਾ ਕਿ ਨਵੀਂ ਸਟਾਰ ਰੇਟਿੰਗ ਨਾਲ ਭਾਰਤ ਦੀ ਕੂਲਿੰਗ ਇੰਡਸਟਰੀ ਇੱਕ ਵੱਡੇ ਬਦਲਾਅ ਦੇ ਦੌਰ ਵਿੱਚ ਦਾਖ਼ਲ ਹੋ ਰਹੀ ਹੈ, ਜਿਸ ਦਾ ਅਸਰ ਘਰੇਲੂ ਬਾਜ਼ਾਰ ‘ਤੇ ਪਵੇਗਾ।
ਹੁਣ ਇਨ੍ਹਾਂ ਉਪਕਰਣਾਂ ‘ਤੇ ਵੀ ਲਾਜ਼ਮੀ ਸਟਾਰ ਰੇਟਿੰਗ
1 ਜਨਵਰੀ 2026 ਤੋਂ ਫ੍ਰਿਜ਼, ਟੀਵੀ, LPG ਗੈਸ ਚੂਲ੍ਹਾ, ਕੂਲਿੰਗ ਟਾਵਰ ਅਤੇ ਡੀਪ ਫ੍ਰੀਜ਼ਰ ਵਰਗੇ ਕਈ ਉਪਕਰਣਾਂ ‘ਤੇ ਸਟਾਰ ਰੇਟਿੰਗ ਲਾਜ਼ਮੀ ਹੋਵੇਗੀ।
ਰੂਮ ਏਸੀ ਸਭ ਤੋਂ ਜ਼ਿਆਦਾ ਪ੍ਰਭਾਵਿਤ
ਗੋਦਰੇਜ ਐਂਟਰਪ੍ਰਾਈਜ਼ਜ਼ ਦੇ ਬਿਜ਼ਨਸ ਹੈੱਡ ਕਮਲ ਨੰਦੀ ਨੇ ਕਿਹਾ ਕਿ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਨਵੀਂ ਊਰਜਾ ਪ੍ਰਣਾਲੀ ਕਾਰਨ ਕੂਲਿੰਗ ਉਪਕਰਣਾਂ ਦੀ ਲਾਗਤ ਵਧ ਰਹੀ ਹੈ।
ਉਨ੍ਹਾਂ ਮੁਤਾਬਕ ਰੂਮ ਏਸੀ ਦੀਆਂ ਕੀਮਤਾਂ 5-7 ਫੀਸਦੀ ਅਤੇ ਫ੍ਰਿਜ਼ ਦੀਆਂ ਕੀਮਤਾਂ 3-5 ਫੀਸਦੀ ਤੱਕ ਵੱਧ ਸਕਦੀਆਂ ਹਨ।














