“ਮੇਰਾ ਦਿਮਾਗ ਥੋੜ੍ਹਾ ਟੇਡਾ, ਵੱਖਰਾ ਕੰਮ ਕਰਨਾ ਪਸੰਦ ਹੈ”—ਕੀਰਤੀ ਕੁਲਹਾਰੀ

9
“ਮੇਰਾ ਦਿਮਾਗ ਥੋੜ੍ਹਾ ਟੇਡਾ, ਵੱਖਰਾ ਕੰਮ ਕਰਨਾ ਪਸੰਦ ਹੈ”—ਕੀਰਤੀ ਕੁਲਹਾਰੀ

12 ਦਸੰਬਰ, 2025 ਅਜ ਦੀ ਆਵਾਜ਼

Bollywood Desk:  ਅਦਾਕਾਰਾ ਕੀਰਤੀ ਕੁਲਹਾਰੀ ਆਪਣੀ ਨਵੀਂ ਫਿਲਮ ‘ਫੁਲ ਪਲੇਟ’ ਦੇ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਪ੍ਰੀਮੀਅਰ ਤੋਂ ਬਾਅਦ ਹੁਣ ਇਸਦੀ ਭਾਰਤ ਵਿਚ ਰਿਲੀਜ਼ ਲਈ ਉਤਸ਼ਾਹਿਤ ਹੈ। ਕੀਰਤੀ ਕਹਿੰਦੀ ਹੈ ਕਿ ਕਿਸੇ ਵੀ ਕਲਾਕਾਰ ਲਈ ਸਭ ਤੋਂ ਵੱਡੀ ਖੁਸ਼ੀ ਇਹ ਹੁੰਦੀ ਹੈ ਕਿ ਉਸਦਾ ਕੰਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਬੁਸਾਨ ਵਿਚ ਮਿਲੀ ਪ੍ਰਸ਼ੰਸਾ ਤੋਂ ਬਾਅਦ ਹੁਣ ਉਹ ਚਾਹੁੰਦੀ ਹੈ ਕਿ ਭਾਰਤੀ ਦਰਸ਼ਕ ਵੀ ਇਸ ਫਿਲਮ ਨਾਲ ਜੁੜਣ।

ਫਿਲਮ ਵਿਚ ਕੀਰਤੀ ਇੱਕ ਗ੍ਰਹਿਣੀ ਦਾ ਕਿਰਦਾਰ ਨਿਭਾ ਰਹੀ ਹੈ—ਜੋ ਰਵਾਇਤੀ ਪਰਿਵਾਰਕ ਮਾਹੌਲ ਦੇ ਬਾਵਜੂਦ ਆਪਣੀ ਜ਼ਿੰਦਗੀ ਨੂੰ ਆਪਣੇ ਅੰਦਾਜ਼ ਨਾਲ ਜੀਉਂਦੀ ਹੈ। ਅਜਿਹੇ ਵੱਖਰੇ ਰੋਲ ਚੁਣਨ ਬਾਰੇ ਕੀਰਤੀ ਹੱਸਦਿਆਂ ਕਹਿੰਦੀ ਹੈ, “ਮੇਰਾ ਦਿਮਾਗ ਥੋੜ੍ਹਾ ਜਿਹਾ ਟੇਡਾ ਹੈ, ਮੈਨੂੰ ਕੁਝ ਵੱਖਰਾ ਕਰਨਾ ਪਸੰਦ ਹੈ। ਕਲਾਕਾਰ ਨੂੰ ਨਵਾਂ ਕਰਨ ਲਈ ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਪੈਂਦਾ ਹੈ।”

ਉਹ ਦੱਸਦੀ ਹੈ ਕਿ ਕੇਰਲ ਵਿਚ ਕੀਤੀ ਨਵੀਂ ਫਿਲਮ ਵਿਚ ਉਹ ਬਿਲਕੁਲ ਵੱਖਰੀ ਲੁੱਕ ਅਤੇ ਕਿਰਦਾਰ ਵਿਚ ਨਜ਼ਰ ਆਏਗੀ। ਹੁਣ ਉਹ ਮਨਮਰਜ਼ੀ ਅਤੇ ਖ਼ੁਸ਼ੀ ਨਾਲ ਕੰਮ ਕਰਦੀ ਹੈ ਅਤੇ ਕਿਸੇ ਵੀ ਠੱਪੇ—ਤਾਕਤਵਰ ਔਰਤ, ਨਿਰਭਰ ਔਰਤ ਆਦਿ—ਵਿੱਚ ਨਹੀਂ ਫਸਣਾ ਚਾਹੁੰਦੀ। “ਇੱਕ ਇਨਸਾਨ ਵਜੋਂ ਅੱਗੇ ਵਧਣਾ ਮੇਰੀ ਸਭ ਤੋਂ ਵੱਡੀ ਪ੍ਰੇਰਨਾ ਹੈ।”

‘ਫੁਲ ਪਲੇਟ’ ਵਿਚ ਉਹਦਾ ਪਾਤਰ ਅਮਰੀਨ ਆਪਣੇ ਆਪ ਨੂੰ ਲੱਭਣ ਦਾ ਸਫ਼ਰ ਤੈਅ ਕਰਦਾ ਹੈ, ਜੋ ਕਿ ਕੀਰਤੀ ਦੇ ਮਤਾਬਕ ਸਮਾਜ ਦੀ ਹਰ ਔਰਤ, ਬੱਚੇ ਤੇ ਬਜ਼ੁਰਗ ਦੀ ਅਸਲ ਜ਼ਰੂਰਤ ਹੈ—ਆਪਣੀ ਆਵਾਜ਼ ਹੋਣਾ।

ਫਿਲਮ ਇੰਡਸਟਰੀ ਵਿਚ ਲੰਬੀਆਂ ਸ਼ਿਫ਼ਟਾਂ ਦਾ ਮੁੱਦਾ

ਕੀ ਕੰਮ ਅਤੇ ਘਰ ਦੇ ਸੰਤੁਲਨ ਵਿਚ ਫਸੇ ਕਲਾਕਾਰਾਂ ਦੀ ਆਵਾਜ਼ ਉਦਯੋਗ ਵਿਚ ਸੁਣੀ ਜਾਂਦੀ ਹੈ? ਇਸ ਬਾਰੇ ਕੀਰਤੀ ਖੁੱਲ੍ਹ ਕੇ ਕਹਿੰਦੀ ਹੈ ਕਿ ਪਿਛਲੇ ਤਿੰਨ-ਚਾਰ ਸਾਲਾਂ ਤੋਂ ਉਹ ਸ਼ਿਫ਼ਟਾਂ ਬਾਰੇ ਹੋਰ ਜਾਗਰੂਕ ਹੋਈ ਹੈ।

ਉਹ ਕਹਿੰਦੀ ਹੈ,
“ਸ਼ਿਫ਼ਟਾਂ ਲਈ ਇੱਕ ਸਟਰਕਚਰ ਹੋਣਾ ਚਾਹੀਦਾ ਹੈ। ਮੈਂ ਅੱਜ 12 ਘੰਟੇ ਕੰਮ ਕਰ ਸਕਦੀ ਹਾਂ, ਪਰ ਹੋ ਸਕਦਾ ਹੈ ਇਕ ਸਾਲ ਬਾਅਦ ਨਾ ਕਰਾਂ। ਜਰੂਰਤ ਪਈ ਤਾਂ ਮੈਂ 12 ਘੰਟਿਆਂ ਤੋਂ ਵੱਧ ਵੀ ਰੁਕ ਜਾਂਦੀ ਹਾਂ, ਪਰ ਇਹ ਹਰ ਰੋਜ਼ ਨਹੀਂ ਹੋ ਸਕਦਾ। ਅਸੀਂ ਮਸ਼ੀਨ ਨਹੀਂ ਹਾਂ।”

ਉਹ ਜ਼ੋਰ ਦੇ ਕੇ ਕਹਿੰਦੀ ਹੈ ਕਿ ਹਰ ਵਿਅਕਤੀ ਨੂੰ ਹੱਕ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਕੰਮ ਦੇ ਘੰਟੇ ਆਪ ਤੈਅ ਕਰੇ, ਕਿਉਂਕਿ ਹਰ ਕਿਸੇ ਦੀਆਂ ਜ਼ਰੂਰਤਾਂ ਸਮੇਂ ਦੇ ਨਾਲ ਬਦਲਦੀਆਂ ਰਹਿੰਦੀਆਂ ਹਨ।