ਪੰਜਾਬ 29 Oct 2025 AJ DI Awaaj
Punjab Desk : ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਸਾਬਕਾ SSP ਅਤੇ AIG ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਰਸ਼ਪਾਲ ਸਿੰਘ ਦੋ ਸਾਲ ਪਹਿਲਾਂ ਸੇਵਾਮੁਕਤ ਹੋਏ ਸਨ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ ਇੱਕ ਵਿਅਕਤੀ ਖ਼ਿਲਾਫ਼ ਝੂਠਾ ਕੇਸ ਦਰਜ ਕਰਕੇ ਉਸਨੂੰ ਇੱਕ ਕਿਲੋਗ੍ਰਾਮ ਹੈਰੋ*ਇਨ ਰੱਖਣ ਦੇ ਮਾਮਲੇ ‘ਚ ਫਸਾਇਆ ਸੀ।
ਇਹ ਮਾਮਲਾ 2017 ਦਾ ਹੈ। ਉਸ ਵੇਲੇ, ਰਸ਼ਪਾਲ ਸਿੰਘ STF ਦੇ ਮੁਖੀ ਸਨ ਅਤੇ ਉਨ੍ਹਾਂ ਦੀ ਟੀਮ ਨੇ ਗੁਰਜੰਟ ਸਿੰਘ ਉਰਫ਼ ਸੋਨੂੰ ਨਾਮਕ ਵਿਅਕਤੀ ਤੋਂ ਇੱਕ ਕਿਲੋਗ੍ਰਾਮ ਹੈਰੋ*ਇਨ ਬਰਾਮਦ ਕੀਤੀ ਸੀ। ਪਰ ਇਸ ਖੇਪ ਨੂੰ ਪੁਲਿਸ ਨੇ ਬਲਵਿੰਦਰ ਸਿੰਘ ਦੇ ਨਾਮ ‘ਤੇ ਦਿਖਾ ਦਿੱਤਾ, ਜਦੋਂ ਕਿ ਗੁਰਜੰਟ ਸਿੰਘ ਨੂੰ ਛੱਡ ਦਿੱਤਾ ਗਿਆ। ਪੁਲਿਸ ਨੇ ਬਲਵਿੰਦਰ ਸਿੰਘ ਨੂੰ ਫਸਾਉਣ ਲਈ ਇੱਕ ਕਹਾਣੀ ਤਿਆਰ ਕੀਤੀ।
ਬਲਵਿੰਦਰ ਸਿੰਘ ਨੇ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਨਵੰਬਰ 2019 ਵਿੱਚ, ਹਾਈ ਕੋਰਟ ਨੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ), ਬਿਊਰੋ ਆਫ ਇਨਵੈਸਟੀਗੇਸ਼ਨ ਪ੍ਰਮੋਦ ਬਾਨ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ। ਜਾਂਚ ਤੋਂ ਬਾਅਦ, ਡੀਜੀਪੀ ਨੇ ਦਸੰਬਰ 2020 ਵਿੱਚ ਕਾਲ ਡੀਟੇਲਜ਼, ਸੀਸੀਟੀਵੀ ਫੁਟੇਜ ਅਤੇ ਲੋਕੇਸ਼ਨ ਡੇਟਾ ਹਾਈ ਕੋਰਟ ਵਿੱਚ ਪੇਸ਼ ਕੀਤਾ। ਸਬੂਤਾਂ ਦੇ ਆਧਾਰ ‘ਤੇ ਸ਼ੱਕ ਗਹਿਰਾ ਹੋਇਆ ਅਤੇ ਜਨਵਰੀ 2021 ਵਿੱਚ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ।
ਸੀਬੀਆਈ ਜਾਂਚ ਵਿੱਚ ਸਾਹਮਣੇ ਆਇਆ ਕਿ ਬਲਵਿੰਦਰ ਸਿੰਘ ਨੂੰ ਝੂਠੇ ਤੌਰ ‘ਤੇ ਫਸਾਇਆ ਗਿਆ ਸੀ। ਏਜੰਸੀ ਨੇ ਐਸਟੀਐਫ ਦੇ ਸਾਬਕਾ ਏਆਈਜੀ ਰਸ਼ਪਾਲ ਸਿੰਘ ਸਮੇਤ 10 ਪੁਲਿਸ ਅਧਿਕਾਰੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ। ਇਨ੍ਹਾਂ ਵਿੱਚ ਇੰਸਪੈਕਟਰ ਸੁਖਵਿੰਦਰ ਸਿੰਘ, ਸਬ-ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਬਲਵਿੰਦਰ ਸਿੰਘ, ਐਸਐਚਓ ਕੁਲਵਿੰਦਰ ਸਿੰਘ, ਐਸਐਚਓ ਸੁਰਜੀਤ ਸਿੰਘ, ਐਸਐਚਓ ਕੁਲਬੀਰ ਸਿੰਘ, ਐਸਐਚਓ ਬੇਅੰਤ ਸਿੰਘ, ਕੁਲਵੰਤ ਸਿੰਘ ਅਤੇ ਕਾਂਸਟੇਬਲ ਹੀਰਾ ਸਿੰਘ ਦੇ ਨਾਮ ਵੀ ਸ਼ਾਮਲ ਹਨ।
ਉੱਚ ਪੱਧਰੀ ਜਾਂਚ ਤੋਂ ਬਾਅਦ, ਪੰਜਾਬ ਪੁਲਸ ਦੀ ਵਿਸ਼ੇਸ਼ ਟੀਮ ਨੇ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।














