ਮਾਲੇਰਕੋਟਲਾ, 13 ਅਕਤੂਬਰ 2025 AJ DI Awaaj
Punjab Desk : ਜ਼ਿਲਾ ਮਾਲੇਰਕੋਟਲਾ ਵਿਖੇ ਤਿਉਹਾਰਾਂ ਦੇ ਮੱਦੇਨਜਰ ਰਿਟੇਲ ਵਿਚ ਪਟਾਕੇ ਵੇਚਣ ਲਈ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਵੱਲੋਂ ਵੀਡੀਓਗ੍ਰਾਫੀ ਰਾਹੀਂ ਪਾਰਦਰਸ਼ੀ ਤਰੀਕੇ ਨਾਲ ਡਰਾਅ ਕੱਢ ਕੇ 04 ਆਰਜ਼ੀ ਲਾਈਲੈਂਸ ਜਾਰੀ ਕੀਤੇ ਹਨ। ਉਹਨਾਂ ਦੱਸਿਆ ਕਿ ਬਲਾਕ ਮਾਲੇਰਕੋਟਲਾ ਵਿਖੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਲਈ ਕੁੱਲ 143 ਅਰਜ਼ੀਆਂ, ਬਲਾਕ ਅਹਿਮਦਗੜ੍ਹ ਲਈ 16 ਅਰਜੀਆਂ ਅਤੇ ਬਲਾਕ ਅਮਰਗੜ੍ਹ ਲਈ 1 ਅਰਜੀ ਪ੍ਰਾਪਤ ਹੋਈ ਸੀ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਾਕੇ ਵੇਚਣ ਲਈ ਬਲਾਕ ਮਾਲੇਰਕੋਟਲਾ ਲਈ 2, ਬਲਾਕ ਅਹਿਮਦਗੜ੍ਹ ਲਈ 1 ਅਤੇ ਬਲਾਕ ਅਮਰਗੜ੍ਹ ਲਈ 1 ਆਰਜੀ ਲਾਇਸੈਂਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਡਰਾਅ ਨਿਕਲੇ ਹਨ ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਜੀ.ਐਸ.ਟੀ. ਸਬੰਧੀ ਕਰ ਵਿਭਾਗ ਵਿਚ ਰਜਿਸਟਰੇਸ਼ਨ ਕਰਵਾਉਣ। ਉਨ੍ਹਾਂ ਦੱਸਿਆ ਕਿ ਆਰਜ਼ੀ ਲਾਈਸੈਂਸ ਸਿਰਫ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਥਾਵਾਂ ’ਤੇ ਹੀ ਪਟਾਕੇ ਵੇਚਣ ਲਈ ਜਾਰੀ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਵਿਖੇ ਪੀ.ਡਬਲਯੂ.ਡੀ. ਰੈਸਟ ਹਾਊਸ ਦੇ ਸਾਹਮਣੇ ਡਿਫੈਂਸ ਵਿਭਾਗ ਦੀ ਖ਼ਾਲੀ ਜਗ੍ਹਾ, ਸਬ ਡਵੀਜ਼ਨ, ਅਹਿਮਦਗੜ੍ਹ ਵਿਖੇ ਗਾਂਧੀ ਸਕੂਲ ਅਹਿਮਦਗੜ੍ਹ ਦੇ ਪਿਛਲੇ ਪਾਸੇ ਅਤੇ ਸਬ ਡਵੀਜ਼ਨ ਅਮਰਗੜ੍ਹ ਵਿਖੇ ਦੁਸਹਿਰਾ ਗਰਾਊਂਡ ਵਿਖੇ ਸਥਾਨ ਨਿਰਧਾਰਿਤ ਕੀਤੇ ਗਏ ਹਨ । ਜੇਕਰ ਕੋਈ ਪਟਾਕਾ ਵਿਕਰੇਤਾ ਨਿਰਧਾਰਿਤ ਥਾਵਾਂ ਤੋਂ ਇਲਾਵਾ ਪਟਾਕੇ ਵੇਚਦਾ ਜਾਂ ਸਟੋਰ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਤੋਂ ਇਲਾਵਾ ਉਹਨਾਂ ਪਟਾਕੇ ਚਲਾਉਣ ਦੇ ਨਿਰਧਾਰਿਤ ਸਮੇਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੀਵਾਲੀ ਵਾਲੇ ਦਿਨ (20 ਅਕਤੂਬਰ) ਨੂੰ ਪਟਾਕੇ ਰਾਤ 8:00 ਵਜੇ ਤੋਂ ਰਾਤ 10:00 (2 ਘੰਟੇ) ਵਜੇ ਤੱਕ ਅਤੇ ਗੁਰਪੁਰਬ ਵਾਲੇ ਦਿਨ (5 ਨਵੰਬਰ) ਨੂੰ ਪਟਾਕੇ ਚਲਾਉਣ ਦਾ ਸਮਾਂ ਸਵੇਰੇ 04:00 ਵਜੇ ਤੋਂ ਸਵੇਰੇ 05:00 ਵਜੇ ਤੱਕ (ਇੱਕ ਘੰਟਾ) ਅਤੇ ਰਾਤ 09:00 ਵਜੇ ਤੋਂ ਰਾਤ 10:00 ਵਜੇ ਤੱਕ (ਇੱਕ ਘੰਟਾ), ਕ੍ਰਿਸਮਿਸ ਵਾਲੇ ਦਿਨ (25 ਤੇ 26 ਦਸੰਬਰ) ਨੂੰ ਪਟਾਕੇ ਚਲਾਉਣ ਦਾ ਸਮਾਂ ਰਾਤ 11:55 ਵਜੇ ਤੋਂ ਸਵੇਰ 12:30 ਵਜੇ ਤੱਕ ਅਤੇ ਨਵਾਂ ਸਾਲ(31 ਦਸੰਬਰ ਤੋਂ 01 ਜਨਵਰੀ ਨੂੰ ਪਟਾਕੇ ਚਲਾਉਣ ਦਾ ਸਮਾਂ ਰਾਤ 11:55 ਵਜੇ ਤੋਂ ਸਵੇਰ 12.30 ਤੱਕ ਲਈ ਸਮਾਂ ਨਿਯਤ ਕੀਤਾ ਹੈ। ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਕੇ ਚਲਾਉਣ ਤੇ ਵੀ ਪੂਰਨ ਤੌਰ ਤੇ ਪਾਬੰਦੀ ਹੋਵੇਗੀ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
