ਕੀਰਤਪੁਰ ਸਾਹਿਬ 01 ਅਪ੍ਰੈਲ 2025 ਅੱਜ ਦੀ ਆਵਾਜ਼
ਸਿਹਤ ਵਿਭਾਗ ਦੀ ਟੀਮ ਨੇ ਬੱਸ ਅੱਡੇ ਸਮੇਤ ਕਈ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨਾ ਵਸੂਲ ਕੀਤਾ ਅਤੇ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾਲ ਸਰੀਰ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ।
ਡਾ.ਦਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਹਰ ਪੱਧਰ ‘ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੀ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਅੱਜ ਦੀ ਕਾਰਵਾਈ ਵੀ ਇਸੇ ਮੁਹਿੰਮ ਦਾ ਹਿੱਸਾ ਹੈ।
ਉਹਨਾਂ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਕਈ ਗੰਭੀਰ ਅਤੇ ਜਾਨਲੇਵਾ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨਾਲ ਫੇਫੜੇ, ਜਿਗਰ, ਮੂੰਹ, ਕੋਲਨ ਅਤੇ ਬੱਚੇਦਾਨੀ ਦਾ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ ਦਿਲ ਦੇ ਰੋਗ ਅਤੇ ਇਰੈਕਟਾਈਲ ਡਿਸਫੰਕਸ਼ਨ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਉਹਨਾਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਨਾਲ ਫੇਫੜਿਆਂ ਨੂੰ ਨੁਕਸਾਨ ਹੁੰਦਾ ਹੈ, ਜਿਸ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ ਕਿਉਂਕਿ ਇਸ ਵਿਚ ਨਿਕੋਟਿਨ ਸਮੇਤ ਕਈ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਤੰਬਾਕਨੋਸ਼ੀ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਘੱਟਦੀ ਹੈ ਤੇ ਸੰਕਰਮਨ ਦਾ ਖ਼ਤਰਾ ਵੱਧ ਜਾਂਦਾ ਹੈ, ਇਸ ਕਰਕੇ ਤੰਬਾਕੂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।
ਡਾ.ਦਲਜੀਤ ਨੇ ਕਿਹਾ ਕਿ ਬੀੜੀ, ਸਿਗਰੇਟ ਦਾ ਧੂੰਆਂ ਨਾ ਕੇਵਲ ਪੀਣ ਵਾਲੇ ਵਿਅਕਤੀ ਲਈ ਨੁਕਸਾਨਦਾਇਕ ਹੈ, ਸਗੋਂ ਇਹ ਸਮਾਜ ਅਤੇ ਆਲੇ ਦੁਆਲੇ ਮੌਜੂਦ ਲੋਕਾਂ ਦੀ ਸਿਹਤ ਲਈ ਵੀ ਵੱਡਾ ਖ਼ਤਰਾ ਹੈ। ਉਹਨਾਂ ਦੱਸਿਆ ਕਿ ਤੰਬਾਕਨੋਸ਼ੀ ਨਾਲ ਪੈਦਾ ਹੋਣ ਵਾਲਾ ਧੂੰਆਂ ਕੋਲ ਖੜ੍ਹੇ ਵਿਅਕਤੀਆਂ ਖ਼ਾਸਕਰ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦੀ ਸਿਹਤ ‘ਤੇ ਮਾੜਾ ਅਸਰ ਪਾਉਂਦਾ ਹੈ ਜਿਸਨੂੰ “ਪੈਸਿਵ ਸਮੋਕਿੰਗ” ਵੀ ਕਿਹਾ ਜਾਂਦਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਸਰਕਾਰ ਵੱਲੋਂ ਤੰਬਾਕੂ ਛਡਵਾਉਣ ਲਈ ਮੁਫ਼ਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਲੋੜ ਪੈਣ ’ਤੇ ਸਾਨੂੰ ਇਨ੍ਹਾਂ ਸੇਵਾਵਾਂ ਦਾ ਫ਼ਾਇਦਾ ਲੈਣਾ ਚਾਹੀਦਾ ਹੈ ਅਤੇ ਲੋੜਵੰਦ ਵਿਅਕਤੀਆਂ ਦੀ ਮੱਦਦ ਕਰਨੀ ਚਾਹੀਦੀ।
ਇਸ ਮੌਕੇ ਹੈਲਥ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਸਮੇਂ ਸਮੇਂ ‘ਤੇ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ ਅਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਸ਼੍ਰੀ ਸੁਖਦੀਪ ਸਿੰਘ ਨੇ ਕਿਹਾ ਕਿ ਕਿਸੇ ਵੀ ਹੋਰ ਮਾੜੀ ਆਦਤ ਨੂੰ ਛੱਡਣ ਵਾਂਗ ਤੰਬਾਕੂ ਦੀ ਆਦਤ ਨੂੰ ਛੱਡਣ ਲਈ ਵੀ ਮਜ਼ਬੂਤ ਇੱਛਾ ਸ਼ਕਤੀ ਦਾ ਹੋਣਾ ਬੇਹੱਦ ਜ਼ਰੂਰੀ ਹੈ। ਜੇਕਰ ਤੰਬਾਕੂ ਦਾ ਸੇਵਨ ਕਰਨ ਵਾਲਾ ਵਿਅਕਤੀ ਪੱਕਾ ਇਰਾਦਾ ਬਣਾ ਲਵੇ ਤਾਂ ਤੰਬਾਕੂ ਦੀ ਆਦਤ ਤੋਂ ਸੌਖਿਆਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਸ਼ੁਰੂਆਤ ਵਿਚ ਕਬਜ਼ ਜਾਂ ਦਸਤ, ਜੀਅ ਕੱਚਾ ਹੋਣਾ ਆਦਿ ਸਮੱਸਿਆਵਾਂ ਪੇਸ਼ ਆ ਸਕਦੀਆਂ ਹਨ, ਜੋ ਥੋੜ੍ਹੇ ਸਮੇਂ ਲਈ ਹੁੰਦੀਆਂ ਹਨ। ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ’ਚ ਮਸ਼ਰੂਫ਼ ਰੱਖਣਾ, ਸਾਈਕਲ ਚਲਾਉਣਾ, ਸੈਰ, ਯੋਗਾ ਜਾਂ ਕਸਰਤ ਕਰਨਾ ਵਰਗੀਆਂ ਆਦਤਾਂ ਤੰਬਾਕੂ ਵਰਗੇ ਨਸ਼ੇ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਸਾਬਿਤ ਹੋ ਸਕਦੀਆਂ ਹਨ।
ਬਲਾਕ ਐਕਸਟੈਨਸ਼ਨ ਅਜੂਕੇਟਰ ਰਤਿਕਾ ਉਬਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਹੈਲਥ ਇੰਸਪੈਕਟਰ ਸੁਖਦੀਪ ਸਿੰਘ ਅਤੇ ਸਿਕੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਕੁਲਵਿੰਦਰ ਸਿੰਘ, ਵਰਿੰਦਰ ਸਿੰਘ, ਰਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਸ਼ਾਮਲ ਸਨ।














