ਤਰਨ ਤਾਰਨ, 17 ਸਤੰਬਰ 2026 AJ DI Awaaj
Punjab Desk : ਆਯੂਸ਼ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਬਲਾਕਾਂ ਵਿੱਚ ਲਗਾਏ ਜਾ ਰਹੇ 10 ਮੁਫ਼ਤ ਆਯੂਸ਼ ਕੈਂਪਾਂ ਦੀ ਲੜੀ ਤਹਿਤ ਗੁਰਦੁਆਰਾ ਸਿੰਘ ਸਭਾ, ਪੰਡੋਰੀ ਸਿੱਧਵਾਂ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਦੀ ਰਹਿਨੁਮਾਈ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਪ੍ਰਸ਼ਾਸਨਿਕ ਸਹਿਯੋਗ ਨਾਲ ਜ਼ਿਲ੍ਹਾ ਆਯੁਰਵੈਦਿਕ/ਯੂਨਾਨੀ ਅਫ਼ਸਰ ਡਾ. ਸੰਦੀਪ ਸ਼੍ਰੀਧਰ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ।
ਕੈਂਪ ਦੌਰਾਨ ਕੁੱਲ 663 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 353 ਮਰੀਜ਼ਾਂ ਦੀ ਜਾਂਚ ਆਯੁਰਵੇਦਿਕ ਡਾਕਟਰਾਂ ਵੱਲੋਂ ਅਤੇ 310 ਮਰੀਜ਼ਾਂ ਦੀ ਜਾਂਚ ਹੋਮਿਓਪੈਥਿਕ ਡਾਕਟਰਾਂ ਵੱਲੋਂ ਕੀਤੀ ਗਈ। ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਮਰੀਜ਼ਾਂ ਦੀ ਸ਼ੂਗਰ ਦੀ ਜਾਂਚ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਸ਼ੂਗਰ ਰੋਗ ਸਬੰਧੀ ਜਾਗਰੂਕ ਕੀਤਾ ਗਿਆ।
ਕੈਂਪ ਦੌਰਾਨ ਡਾਕਟਰਾਂ ਵੱਲੋਂ ਨੌਜਵਾਨ ਲੜਕੀਆਂ ਨੂੰ ਸਿਹਤਮੰਦ ਜੀਵਨ-ਸ਼ੈਲੀ, ਮਾਹਵਾਰੀ ਸਿਹਤ ਅਤੇ ਸਫ਼ਾਈ, ਪੋਸ਼ਣ, ਅਨੀਮੀਆ ਤੋਂ ਬਚਾਅ ਅਤੇ ਵਾਇਰਲ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਆਯੁਰਵੇਦ ਨੂੰ ਅਪਣਾਉਣ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਕੈਂਪ ਵਿੱਚ ਆਯੁਰਵੇਦ ਵਿਭਾਗ ਵੱਲੋਂ ਡਾ. ਮਨਵਿੰਦਰ ਕੌਰ, ਡਾ. ਚਾਰੂ ਅਰੋੜਾ, ਮਹਾਵੀਰ ਸਿੰਘ ਅਤੇ ਅਨੀਤਾ ਕੌਸ਼ਲ ਨੇ ਸੇਵਾਵਾਂ ਨਿਭਾਈਆਂ। ਹੋਮਿਓਪੈਥਿਕ ਵਿਭਾਗ ਵੱਲੋਂ ਡਾ. ਹਰਿੰਦਰ ਪਾਲ ਸਿੰਘ, ਡਾ. ਮੀਨਾਕਸ਼ੀ ਮੱਟੂ, ਹਰਜੀਤ ਕੌਰ ਅਤੇ ਸੁਖਵਿੰਦਰ ਕੌਰ ਨੇ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਨੂੰ ਸਫ਼ਲ ਬਣਾਉਣ ਵਿੱਚ ਅਮਰਜੀਤ ਕੌਰ, ਜਸਬੀਰ ਕੌਰ ਅਤੇ ਮਨਪ੍ਰੀਤ ਕੌਰ ਵੱਲੋਂ ਵੀ ਸਹਿਯੋਗ ਦਿੱਤਾ ਗਿਆ।



















