ਓਡੀਸ਼ਾ ਜੇਲ੍ਹ ਡੀਜੀ ਖ਼ਿਲਾਫ਼ ਗੰ*ਭੀਰ ਦੋਸ਼, ਜਾਂਚ ਦੀ ਮੰਗ

28
ਭੁਵਨੇਸ਼ਵਰ: 02 Nov 2026 AJ DI Awaaj
National Desk :  ਓਡੀਸ਼ਾ ਦੇ ਸੀਨੀਅਰ IPS ਅਧਿਕਾਰੀ ਅਤੇ ਜੇਲ੍ਹਾਂ ਦੇ ਡਾਇਰੈਕਟਰ ਜਨਰਲ (DG) ਸੁਸ਼ਾਂਤ ਕੁਮਾਰ ਨਾਥ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਖ਼ਿਲਾਫ਼ ਇੱਕ ਸਾਬਕਾ ਮਹਿਲਾ ਜੇਲ੍ਹ ਅਧਿਕਾਰੀ ਨੇ ਜਿ*ਨਸੀ ਸ਼ੋਸ਼ਣ, ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਧ*ਮਕੀਆਂ ਦੇਣ ਦੇ ਗੰ*ਭੀਰ ਦੋਸ਼ ਲਗਾਏ ਹਨ। ਇਸ ਸਬੰਧੀ ਕਟਕ ਦੇ ਚੌਦਵਾਰ ਪੁਲਿਸ ਥਾਣੇ ਵਿੱਚ FIR ਦਰਜ ਕੀਤੀ ਗਈ ਹੈ।

ਸ਼ਿਕਾਇਤਕਰਤਾ ਸੰਤੋਸ਼ਿਨੀ, ਜੋ ਚੌਦਵਾਰ ਸਰਕਲ ਜੇਲ੍ਹ ਵਿੱਚ ਮਹਿਲਾ ਜੇਲਰ ਵਜੋਂ ਤਾਇਨਾਤ ਰਹਿ ਚੁੱਕੀ ਹੈ, ਨੇ ਦੋਸ਼ ਲਗਾਇਆ ਹੈ ਕਿ DG ਦੇ ਸਹਿਯੋਗੀ ਕੁਲਦੀਪ ਰਥ ਰਾਹੀਂ ਉਸ ਨੂੰ ਕਈ ਵਾਰ ਕਟਕ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਰਾਤ ਦੇ ਸਮੇਂ ਇਕੱਲੇ ਮਿਲਣ ਲਈ ਬੁਲਾਇਆ ਗਿਆ ਸੀ। ਉਸ ਵੱਲੋਂ ਇਨਕਾਰ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ।

ਮੋਬਾਈਲ ’ਤੇ ਭੇਜੇ ਅ*ਸ਼ਲੀਲ ਸੰਦੇਸ਼

FIR ਮੁਤਾਬਕ, ਜੁਲਾਈ 2025 ਵਿੱਚ ਕੁਲਦੀਪ ਰਥ ਚੌਦਵਾਰ ਜੇਲ੍ਹ ਦੇ ਦੌਰੇ ’ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਸੰਤੋਸ਼ਿਨੀ ਨਾਲ ਤਸਵੀਰ ਖਿਚਵਾਈ ਅਤੇ ਬਾਅਦ ਵਿੱਚ ਉਸ ਦਾ ਮੋਬਾਈਲ ਨੰਬਰ ਲੈ ਕੇ ਤਸਵੀਰ ਭੇਜੀ। ਸ਼ਿਕਾਇਤ ਵਿੱਚ ਦੋਸ਼ ਹੈ ਕਿ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਤਰਾਜ਼ਯੋਗ ਸੰਦੇਸ਼ ਵੀ ਭੇਜੇ ਗਏ।

ਸੰਤੋਸ਼ਿਨੀ ਨੇ ਦੋਸ਼ ਲਗਾਇਆ ਕਿ 29 ਅਗਸਤ 2025 ਨੂੰ ਕੁਲਦੀਪ ਰਥ ਨੇ ਉਸ ਨੂੰ ਕਟਕ ਦੇ ‘ਬਲਾਸਟ’ ਰੈਸਟੋਰੈਂਟ ਵਿੱਚ ਰਾਤ ਦੇ ਖਾਣੇ ਲਈ ਇਕੱਲੇ ਆਉਣ ਵਾਸਤੇ ਫੋਨ ਕੀਤਾ। ਉਸ ਨੇ ਇਹ ਵੀ ਕਿਹਾ ਕਿ ਸੁਸ਼ਾਂਤ ਨਾਥ ਉਸ ਨੂੰ ਨਿੱਜੀ ਤੌਰ ’ਤੇ ਮਿਲਣਾ ਚਾਹੁੰਦੇ ਹਨ। ਇਸ ਤੋਂ ਬਾਅਦ 25 ਸਤੰਬਰ 2025 ਨੂੰ ਹੋਟਲ ਪ੍ਰਮੋਦ ਵਿੱਚ ਡਿਨਰ ਲਈ ਵੀ ਸੱਦਾ ਦਿੱਤਾ ਗਿਆ, ਪਰ ਉਸ ਨੇ ਦੋਵੇਂ ਵਾਰ ਜਾਣ ਤੋਂ ਇਨਕਾਰ ਕਰ ਦਿੱਤਾ।

ਸ਼ਿਕਾਇਤ ਵਾਪਸ ਲੈਣ ਲਈ ਧ*ਮਕਾਉ*ਣ ਦੇ ਦੋਸ਼

ਮਹਿਲਾ ਅਧਿਕਾਰੀ ਨੇ ਦੋਸ਼ ਲਗਾਇਆ ਕਿ 7 ਅਤੇ 8 ਸਤੰਬਰ 2026 ਨੂੰ ਜਦੋਂ ਉਹ DG ਦੇ ਦਫ਼ਤਰ ਗਈ ਤਾਂ ਉਸ ਨੂੰ ਕਿਹਾ ਗਿਆ ਕਿ ਨਿੱਜੀ ਮੁਲਾਕਾਤ ਦੇ ਪ੍ਰਸਤਾਵ ਨੂੰ ਠੁਕਰਾਉਣ ਅਤੇ ਜੇਲ੍ਹ ਸੁਪਰਡੈਂਟ ਖ਼ਿਲਾਫ਼ FIR ਦਰਜ ਕਰਵਾਉਣ ਕਾਰਨ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।

ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ’ਤੇ ਪਹਿਲਾਂ ਦਰਜ ਕਰਵਾਈ ਗਈ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਗਿਆ ਅਤੇ ਅਜਿਹਾ ਨਾ ਕਰਨ ’ਤੇ ਗੰ*ਭੀਰ ਨਤੀਜੇ ਭੁਗਤਣ ਦੀਆਂ ਧ*ਮਕੀਆਂ ਦਿੱਤੀਆਂ ਗਈਆਂ। ਸ਼ਿਕਾਇਤਕਰਤਾ ਮੁਤਾਬਕ, ਇਸ ਤੋਂ ਬਾਅਦ ਉਸ ਖ਼ਿਲਾਫ਼ ਪੰਜ ਵੱਖ-ਵੱਖ ਵਿਭਾਗੀ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ।

ਪੁਲਿਸ ਨੇ ਦਰਜ ਕੀਤਾ ਕੇਸ, ਜਾਂਚ ਸ਼ੁਰੂ

ਸ਼ਿਕਾਇਤ ਦੇ ਆਧਾਰ ’ਤੇ ਚੌਦਵਾਰ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 75(2), 351(2) ਅਤੇ 3(5) ਤਹਿਤ ਕੇਸ ਨੰਬਰ 713/2026 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਬਾਰੇ ਕਮਿਸ਼ਨਰੇਟ ਪੁਲਿਸ ਵੱਲੋਂ ਓਡੀਸ਼ਾ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਵੀ ਸੂਚਿਤ ਕੀਤਾ ਗਿਆ ਹੈ ਅਤੇ FIR ਦੀ ਕਾਪੀ ਭੇਜੀ ਗਈ ਹੈ। ਕਟਕ ਦੇ DCP ਦਫ਼ਤਰ ਨੇ ਵੀ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਇਸ ਦੌਰਾਨ ਸੁਸ਼ਾਂਤ ਕੁਮਾਰ ਨਾਥ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਗ੍ਰਹਿ ਵਿਭਾਗ ਵਿੱਚ ਅਫਸਰ ਆਨ ਸਪੈਸ਼ਲ ਡਿਊਟੀ (OSD) ਨਿਯੁਕਤ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਪੁਲਿਸ ਜਾਂਚ ਜਾਰੀ ਹੈ ਅਤੇ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।