17 ਦਸੰਬਰ, 2025 ਅਜ ਦੀ ਆਵਾਜ਼
International Desk: ਰੋਮ ਵਿੱਚ ਹੋਈ ਇੱਕ ਕੂਟਨੀਤਕ ਮੁਲਾਕਾਤ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਅਤੇ ਮੋਜ਼ਾਂਬਿਕ ਦੇ ਰਾਸ਼ਟਰਪਤੀ ਡੈਨੀਅਲ ਚਾਪੋ ਵਿਚਕਾਰ ਕੱਦ ਦਾ ਵੱਡਾ ਫਰਕ ਸਭ ਦੀ ਨਜ਼ਰ ਵਿੱਚ ਆ ਗਿਆ। ਇਸ ਮੁਲਾਕਾਤ ਦਾ ਇੱਕ ਛੋਟਾ ਜਿਹਾ ਪਲ ਕੈਮਰਿਆਂ ’ਚ ਕੈਦ ਹੋ ਗਿਆ, ਜੋ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਜਿਵੇਂ ਹੀ ਮੇਲੋਨੀ ਨੇ ਰਾਸ਼ਟਰਪਤੀ ਚਾਪੋ ਦਾ ਸਵਾਗਤ ਕੀਤਾ ਅਤੇ ਹੱਥ ਮਿਲਾਉਣ ਲਈ ਉੱਪਰ ਵੱਲ ਦੇਖਿਆ, ਉਸਦੇ ਚਿਹਰੇ ’ਤੇ ਹੈਰਾਨੀ ਸਾਫ਼ ਨਜ਼ਰ ਆਈ। ਕੁਝ ਪਲਾਂ ਲਈ ਉਹ ਅਚੰਭੇ ਵਿੱਚ ਰਹੀ ਅਤੇ ਫਿਰ ਮੁਸਕਰਾ ਦਿੱਤੀ। ਮੇਲੋਨੀ ਦੀ ਇਹ ਕੁਦਰਤੀ ਪ੍ਰਤੀਕਿਰਿਆ ਲੋਕਾਂ ਨੂੰ ਖ਼ਾਸੀ ਪਸੰਦ ਆ ਰਹੀ ਹੈ।
48 ਸਾਲਾ ਡੈਨੀਅਲ ਚਾਪੋ ਦੀ ਲੰਬਾਈ ਲਗਭਗ 6 ਫੁੱਟ 8 ਇੰਚ ਦੱਸੀ ਜਾਂਦੀ ਹੈ, ਜਦਕਿ ਜਿਓਰਜੀਆ ਮੇਲੋਨੀ ਕਰੀਬ 5 ਫੁੱਟ 2 ਇੰਚ ਦੀ ਹਨ। ਦੋਵਾਂ ਨੂੰ ਇੱਕੋ ਫਰੇਮ ਵਿੱਚ ਕੈਦ ਕਰਨ ਲਈ ਫੋਟੋਗ੍ਰਾਫਰਾਂ ਨੂੰ ਹੇਠਾਂ ਝੁਕਣਾ ਪਿਆ, ਇੱਥੋਂ ਤੱਕ ਕਿ ਕੁਝ ਨੂੰ ਜ਼ਮੀਨ ’ਤੇ ਲੇਟਣਾ ਵੀ ਪਿਆ। ਚਾਪੋ ਬਾਸਕਟਬਾਲ ਦੇ ਸ਼ੌਕੀਨ ਮੰਨੇ ਜਾਂਦੇ ਹਨ ਅਤੇ ਪਹਿਲਾਂ ਵੀ ਆਪਣੀ ਲੰਬਾਈ ਕਾਰਨ ਵਿਸ਼ਵ ਨੇਤਾਵਾਂ ਨਾਲ ਤਸਵੀਰਾਂ ਵਿੱਚ ਸੁਰਖੀਆਂ ਬਟੋਰ ਚੁੱਕੇ ਹਨ।
ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ’ਤੇ ਮੀਮਜ਼ ਅਤੇ ਟਿੱਪਣੀਆਂ ਦੀ ਭਰਮਾਰ ਹੋ ਗਈ। ਕਈ ਯੂਜ਼ਰਸ ਨੇ ਕਿਹਾ ਕਿ ਮੇਲੋਨੀ ਆਪਣੀਆਂ ਭਾਵਨਾਵਾਂ ਬਿਨਾਂ ਲੁਕਾਏ ਖੁੱਲ੍ਹ ਕੇ ਦਿਖਾਉਂਦੀ ਹੈ। ਇੱਕ ਯੂਜ਼ਰ ਨੇ ਲਿਖਿਆ, “ਜਿਓਰਜੀਆ ਮੇਲੋਨੀ ਉਨ੍ਹਾਂ ਗਿਣਤੀ ਦੇ ਨੇਤਾਵਾਂ ਵਿੱਚੋਂ ਹੈ ਜੋ ਬਿਲਕੁਲ ਅਸਲੀ ਲੱਗਦੀ ਹੈ।” ਦੂਜੇ ਨੇ ਮਜ਼ਾਕ ਵਿੱਚ ਕਿਹਾ, “ਮੇਲੋਨੀ ਦੀ ਗਰਦਨ ਤਾਂ ਦਰਦ ਕਰ ਰਹੀ ਹੋਵੇਗੀ!”
ਹਾਲਾਂਕਿ ਇਹ ਪਲ ਮਜ਼ਾਕੀਆ ਬਣ ਗਿਆ, ਪਰ ਮੁਲਾਕਾਤ ਦਾ ਮਕਸਦ ਕਾਫੀ ਗੰਭੀਰ ਸੀ। ਦੋਵੇਂ ਨੇਤਾਵਾਂ ਨੇ ਊਰਜਾ, ਵਪਾਰ ਅਤੇ ਇਟਲੀ ਦੇ ‘ਮਾਤੇਈ ਪਲਾਨ’ ਤਹਿਤ ਅਫਰੀਕਾ ਨਾਲ ਸਹਿਯੋਗ ’ਤੇ ਗੱਲਬਾਤ ਕੀਤੀ। ਇਸ ਮੌਕੇ ਮੋਜ਼ਾਂਬਿਕ ਦੀ ਆਜ਼ਾਦੀ ਦੇ 50 ਸਾਲ ਅਤੇ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨੂੰ ਵੀ ਯਾਦ ਕੀਤਾ ਗਿਆ। ਡੈਨੀਅਲ ਚਾਪੋ ਇਸ ਸਾਲ ਸੱਤਾ ਵਿੱਚ ਆਏ ਹਨ ਅਤੇ ਉਹ ਮੋਜ਼ਾਂਬਿਕ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੰਮੇ ਹਨ।
Related












