328 ਪਾਵਨ ਸਰੂਪ ਮਾਮਲਾ: ਸੰਧਵਾਂ ਦਾ SGPC ’ਤੇ ਸਖ਼ਤ ਹਮਲਾ

25
Punjab 08 Jan 2026 AJ DI Awaaj

Punjab Desk : 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਨਾਲ ਜੁੜੇ ਗੰਭੀਰ ਅਤੇ ਸੰਵੇਦਨਸ਼ੀਲ ਮਾਮਲੇ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਮੌਜੂਦਾ ਕਾਬਜ਼ ਧਿਰ ਉੱਤੇ ਸਖ਼ਤ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਵੱਲੋਂ ਵਾਰ-ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਈਸ਼ਰ ਸਿੰਘ ਕਮੇਟੀ ਅਤੇ ਅੰਤ੍ਰਿੰਗ ਕਮੇਟੀ ਨੇ ਦੋਸ਼ੀਆਂ ਖ਼ਿਲਾਫ਼ ਸਪਸ਼ਟ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ, ਪਰ ਇਹ ਸਿਫ਼ਾਰਸ਼ਾਂ ਅੱਜ ਤੱਕ ਲਾਗੂ ਨਹੀਂ ਕੀਤੀਆਂ ਗਈਆਂ।

ਸੰਧਵਾਂ ਨੇ ਸਵਾਲ ਕੀਤਾ ਕਿ ਕੀ ਕਾਰਵਾਈ ਨਾ ਕਰਨਾ ਦੋਸ਼ੀਆਂ ਨੂੰ ਬਚਾਉਣ ਲਈ ਰਚੀ ਗਈ ਕੋਈ ਸੋਚੀ-ਸਮਝੀ ਸਿਆਸੀ ਸਾਜ਼ਿਸ਼ ਸੀ। ਉਨ੍ਹਾਂ ਪੁੱਛਿਆ ਕਿ ਕੀ ਦੋਸ਼ੀ ਇੰਨੇ ਪ੍ਰਭਾਵਸ਼ਾਲੀ ਸਨ ਜਾਂ ਫਿਰ ਅੰਦਰੂਨੀ ਘੇਰੇ ਨਾਲ ਸਬੰਧਤ ਸਨ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਕਾਨੂੰਨੀ ਜਾਂ ਪੰਥਕ ਕਾਰਵਾਈ ਕਰਨ ਦੀ ਥਾਂ ਮਾਮਲੇ ਨੂੰ ਦਬਾਇਆ ਗਿਆ।

ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੁੰਦਾ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਪੰਥਕ ਮਰਿਆਦਾ ਨਾਲੋਂ ਸਿਆਸੀ ਲਾਭਾਂ ਨੂੰ ਤਰਜੀਹ ਦਿੱਤੀ ਗਈ। ਜੇਕਰ ਜਾਂਚ ਰਿਪੋਰਟਾਂ ਵਿੱਚ ਸਾਰਾ ਸੱਚ ਦਰਜ ਸੀ, ਤਾਂ ਫਿਰ ਉਸਨੂੰ ਜਾਣਬੁੱਝ ਕੇ ਸੰਗਤ ਤੋਂ ਲੁਕਾਇਆ ਕਿਉਂ ਗਿਆ। ਉਨ੍ਹਾਂ ਅਨੁਸਾਰ, ਲੰਮੇ ਸਮੇਂ ਤੱਕ ਬਣੀ ਰਹੀ ਚੁੱਪ ਗੁਨਾਹਗਾਰਾਂ ਨੂੰ ਸਿੱਧੀ ਤਰ੍ਹਾਂ ਸੁਰੱਖਿਆ ਦੇਣ ਦੇ ਬਰਾਬਰ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਅੱਗੇ ਕਿਹਾ ਕਿ ਜੇਕਰ ਜਾਂਚ ਕਮੇਟੀਆਂ ਦੀਆਂ ਰਿਪੋਰਟਾਂ ਸਹੀ ਸਨ, ਤਾਂ ਉਨ੍ਹਾਂ ’ਤੇ ਅਮਲ ਨਾ ਕਰਨਾ ਇੱਕ ਗੰਭੀਰ ਪੰਥਕ ਅਪਰਾਧ ਹੈ, ਜਿਸ ਲਈ ਐਸਜੀਪੀਸੀ ਦੀ ਮੌਜੂਦਾ ਆਗੂਈ ਸਿੱਧੀ ਤੌਰ ’ਤੇ ਜ਼ਿੰਮੇਵਾਰ ਹੈ। ਦੂਜੇ ਪਾਸੇ, ਜੇਕਰ ਰਿਪੋਰਟਾਂ ਗਲਤ ਸਨ, ਤਾਂ ਫਿਰ ਸਿੱਖ ਜਗਤ ਨੂੰ ਅਸਲੀ ਸੱਚ ਤੋਂ ਅੱਜ ਤੱਕ ਅਣਜਾਣ ਕਿਉਂ ਰੱਖਿਆ ਗਿਆ।

ਉਨ੍ਹਾਂ ਕਿਹਾ ਕਿ ਐਸਜੀਪੀਸੀ ਦੀ ਇਸ ਦੋਹਰੀ ਨੀਤੀ ਨੇ ਸੰਸਥਾ ਦੀ ਭਰੋਸੇਯੋਗਤਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਸੰਗਤ ਨੂੰ ਪੂਰਾ ਜਵਾਬ ਦੇਣਾ ਲਾਜ਼ਮੀ ਹੋ ਗਿਆ ਹੈ। ਸੰਧਵਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖ ਕੌਮ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਇਨਸਾਫ਼ ਦੇ ਰਾਹ ਵਿੱਚ ਕਿਹੜੀਆਂ ਤਾਕਤਾਂ ਨੇ ਰੁਕਾਵਟ ਪਾਈ।

ਅੰਤ ਵਿੱਚ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪਵਿੱਤਰ ਸਰੂਪਾਂ ਦੀ ਬੇਅਦਬੀ ਅਤੇ ਲਾਪਰਵਾਹੀ ਦੇ ਮਾਮਲੇ ’ਚ ਚੁੱਪ ਰਹਿਣ ਜਾਂ ਦੋਸ਼ੀਆਂ ਨੂੰ ਪਨਾਹ ਦੇਣ ਵਾਲੇ ਲੋਕ ਇਤਿਹਾਸ ਦੇ ਕਟਹਿਰੇ ਵਿੱਚ ਹਮੇਸ਼ਾ ਦੋਸ਼ੀ ਮੰਨੇ ਜਾਣਗੇ।